ਭਾਜਪਾ ਸਰਕਾਰ ਖਿਲਾਫ ਪ੍ਰਦਰਸ਼ਨ ਕਰਨਾ ਪਿਆ ਮਹਿੰਗਾ
ਸੁਲਤਾਨਪੁਰ (ਉਤਰ ਪ੍ਰਦੇਸ਼) 12 ਜਨਵਰੀ :
ਸੁਲਤਾਨਪੁਰ ਦੀ ਇਕ ਅਦਾਲਤ ਨੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਅਤੇ ਸਮਾਜਵਾਦੀ ਪਾਰਟੀ ਦੇ ਸਾਬਕਾ ਵਿਧਾਇਕ ਅਨੂਪ ਸਾਂਡਾ ਸਮੇਤ ਪੰਜ ਹੋਰ ਨੂੰ ਤਿੰਨ ਮਹੀਨੇ ਦੀ ਸਜਾ ਸੁਣਾਈ ਹੈ। ਅਦਾਲਤ ਨੇ ਉਨ੍ਹਾਂ ਨੂੰ 1500 ਰੁਪਏ ਦਾ ਜ਼ੁਰਮਾਨਾ ਵੀ ਲਗਾਇਆ ਹੈ। ਐਮਪੀ-ਐਮਐਲਏ ਅਦਾਲਤ ਨੇ 21 ਸਾਲ ਪੁਰਾਣੇ ਇਕ ਮਾਮਲੇ ਵਿੱਚ ਫੈਸਲਾ ਸੁਣਾਇਆ ਹੈ, ਜੋ 19 ਜੂਨ 2001 ਨੂੰ ਦਰਜ ਕੀਤਾ ਗਿਆ ਸੀ।
ਪੁਲਿਸ ਅਨੁਸਾਰ ਰਾਜਨਾਥ ਸਿੰਘ ਦੀ ਅਗਵਾਈ ਵਾਲੀ ਉਤਰ ਪ੍ਰਦੇਸ਼ ਦੀ ਤੱਤਕਾਲੀਨ ਭਾਜਪਾ ਸਰਕਾਰ ਖਿਲਾਫ ਲੋਕਾਂ ਨੇ ਸੜਕਾਂ ਉਤੇ ਜਾਮ ਕੀਤਾ ਸੀ ਅਤੇ ਵੱਡੇ ਪੱਧਰ ਉਤੇ ਵਿਰੋਧ ਪ੍ਰਦਰਸ਼ਨ ਕੀਤਾ ਸੀ।
ਵਿਰੋਧ ਸੁਲਤਾਨਪੁਰ ਸ਼ਹਿਰ ਵਿੱਚ ਨਿਯਮਿਤ ਬਿਜਲੀ ਕਟੌਤੀ ਅਤੇ ਅਨੁਚਿਤ ਪਾਣੀ ਸਪਲਾਈ ਖਿਲਾਫ ਕੀਤਾ ਸੀ।
ਸਰਕਾਰੀ ਵਕੀਲ ਵੈਭਵ ਪਾਂਡੇ ਨੇ ਕਿਹਾ ਪੁਲਿਸ ਨੇ ਸੰਜੇ ਸਿੰਘ, ਅਨੂਪ ਸਾਂਡਾ, ਸਮਰਥਕ ਵਿਜੈ ਕੁਮਾਰ, ਕਮਲ ਸ੍ਰੀਵਾਸਤਵ, ਸੰਤੋਸ਼ ਕੁਮਾਰ ਅਤੇ ਸੁਭਾਸ਼ ਖਿਲਾਫ ਸੜਕਾਂ ਜਾਮ ਕਰਨ ਅਤੇ ਪ੍ਰਦਰਸ਼ਨ ਕਰਨ ਦਾ ਮਾਮਲਾ ਦਰਜ ਕੀਤਾ ਸੀ।
ਫੈਸਲਾ ਸੁਣਾਏ ਜਾਣ ਦੌਰਾਨ ਅਦਾਲਤ ਵਿੱਚ ਮੌਜੂਦ ਸੰਜੇ ਸਿੰਘ ਨੇ ਤਤਕਾਲੀਨ ਭਾਜਪਾ ਸਰਕਾਰ ਉਤੇ ਸ਼ਾਂਤੀਪੂਰਣ ਵਿਰੋਧ ਪ੍ਰਦਰਸ਼ਨ ਨਾਲ ਨਿਪਟਣ ਵਿੱਚ ਅਸਫਲ ਰਹਿਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਉਹ ਸਜਾ ਖਿਲਾਫ ਹਾਈਕੋਰਟ ਵਿੱਚ ਅਪੀਲ ਕਰਨਗੇ।
(ਆਈਏਐਨਐਸ)