ਗਾਂਧੀਨਗਰ,31 ਦਸੰਬਰ,ਦੇਸ਼ ਕਲਿਕ ਬਿਊਰੋ:
ਗੁਜਰਾਤ ਦੇ ਨਵਸਾਰੀ ਵਿੱਚ ਇੱਕ ਭਿਆਨਕ ਸੜਕ ਹਾਦਸੇ ਦੀ ਘਟਨਾ ਸਾਹਮਣੇ ਆਈ ਹੈ। ਅੱਜ ਸ਼ਨੀਵਾਰ ਸਵੇਰੇ ਇੱਥੇ ਬੱਸ ਅਤੇ ਐਸਯੂਵੀ ਕਾਰ ਦੀ ਭਿਆਨਕ ਟੱਕਰ ਹੋ ਗਈ। ਇਸ ਹਾਦਸੇ 'ਚ 9 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 30 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਪੁਲਿਸ ਮੁਤਾਬਕ ਇਹ ਹਾਦਸਾ ਅਹਿਮਦਾਬਾਦ-ਮੁੰਬਈ ਹਾਈਵੇਅ 'ਤੇ ਵਾਪਰਿਆ। ਇੱਕ ਗੰਭੀਰ ਜ਼ਖਮੀ ਵਿਅਕਤੀ ਨੂੰ ਸੂਰਤ ਰੈਫਰ ਕਰ ਦਿੱਤਾ ਗਿਆ ਹੈ।ਖਬਰਾਂ ਮੁਤਾਬਕ ਨਵਸਾਰੀ ਨੈਸ਼ਨਲ ਹਾਈਵੇਅ-48 'ਤੇ ਹਾਦਸੇ ਦਾ ਸ਼ਿਕਾਰ ਹੋਈ ਬੱਸ ਸੂਰਤ 'ਚ ਇਕ ਪ੍ਰੋਗਰਾਮ ਤੋਂ ਆ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਸਵੇਰੇ ਵਲਸਾਡ ਤੋਂ ਆ ਰਹੀ ਟੋਇਟਾ ਫਾਰਚੂਨਰ ਦੇ ਡਰਾਈਵਰ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ ਅਤੇ ਉਹ ਕਾਰ ਤੋਂ ਕੰਟਰੋਲ ਗੁਆ ਬੈਠਾ। ਇਸ ਤੋਂ ਬਾਅਦ ਐਸਯੂਵੀ ਡਿਵਾਈਡਰ ਪਾਰ ਕਰਕੇ ਸਾਹਮਣੇ ਤੋਂ ਆ ਰਹੀ ਬੱਸ ਨਾਲ ਟਕਰਾ ਗਈ।ਇਸ ਘਟਨਾ 'ਚ ਕਾਰ 'ਚ ਸਵਾਰ ਸਾਰੇ 8 ਲੋਕਾਂ ਦੀ ਜਾਨ ਚਲੀ ਗਈ, ਜਦਕਿ ਬੱਸ 'ਚ ਸਵਾਰ ਇਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਵੀ ਸਾਹਮਣੇ ਆਇਆ ਹੈ। ਬੱਸ ਵਿੱਚ ਸਵਾਰ ਲੋਕਾਂ ਨੂੰ ਨੇੜੇ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।