ਨਵੀਂ ਦਿੱਲੀ,28 ਦਸੰਬਰ,ਦੇਸ਼ ਕਲਿਕ ਬਿਊਰੋ:
ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਕਾਂਗਰਸ ਅੱਜ ਆਪਣਾ 138ਵਾਂ ਸਥਾਪਨਾ ਦਿਵਸ ਮਨਾ ਰਹੀ ਹੈ। ਇਸ ਮੌਕੇ ਆਲ ਇੰਡੀਆ ਕਾਂਗਰਸ ਦੇ ਦਿੱਲੀ ਸਥਿਤ ਹੈੱਡਕੁਆਰਟਰ ਨੂੰ ਆਕਰਸ਼ਕ ਢੰਗ ਨਾਲ ਸਜਾਇਆ ਗਿਆ ਹੈ। ਮੁੱਖ ਸਮਾਗਮ ‘ਚ ਇੱਥੇ ਪਾਰਟੀ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪਾਰਟੀ ਦਾ ਝੰਡਾ ਲਹਿਰਾਇਆ। ਦੇਸ਼ ਦੇ ਹੋਰ ਰਾਜਾਂ ਵਿੱਚ ਵੀ ਪ੍ਰੋਗਰਾਮ ਕਰਵਾਏ ਜਾ ਰਹੇ ਹਨ।ਕਾਂਗਰਸ ਪਾਰਟੀ ਦੀ ਨੀਂਹ 137 ਸਾਲ ਪਹਿਲਾਂ ਮੁੰਬਈ ਵਿੱਚ ਆਜ਼ਾਦੀ ਅੰਦੋਲਨ ਦੌਰਾਨ ਰੱਖੀ ਗਈ ਸੀ। ਕਾਂਗਰਸ ਹਰ ਸਾਲ 28 ਦਸੰਬਰ ਨੂੰ ਆਪਣਾ ਸਥਾਪਨਾ ਦਿਵਸ ਮਨਾਉਂਦੀ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਵਿਸ਼ੇਸ਼ ਤੌਰ 'ਤੇ ਅੱਜ ਬੁੱਧਵਾਰ ਨੂੰ ਇਕ ਪ੍ਰੋਗਰਾਮ ਦਾ ਉਦਘਾਟਨ ਕਰਨ ਲਈ ਮੁੰਬਈ ਜਾਣਗੇ। ਕਾਂਗਰਸ ਸਥਾਪਨਾ ਦਿਵਸ 'ਤੇ ਸਾਰੇ ਰਾਜਾਂ 'ਚ ਕਾਂਗਰਸ ਦਫਤਰਾਂ 'ਚ ਵੀ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ। ਮੁੱਖ ਪ੍ਰੋਗਰਾਮ ਦਿੱਲੀ ਸਥਿਤ ਰਾਸ਼ਟਰੀ ਮੁੱਖ ਦਫਤਰ 'ਚ ਹੋਇਆ, ਜਿੱਥੇ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਖੜਗੇ ਨੇ ਪਾਰਟੀ ਦਾ ਝੰਡਾ ਲਹਿਰਾਇਆ।ਕਾਂਗਰਸ ਪ੍ਰਧਾਨ ਖੜਗੇ 37 ਸਾਲਾਂ ਬਾਅਦ ਮੁੰਬਈ ਵਿੱਚ ਕਾਂਗਰਸ ਦਾ ਸਥਾਪਨਾ ਦਿਵਸ ਮਨਾਉਣ ਦੀ ਪਰੰਪਰਾ ਨੂੰ ਮੁੜ ਸ਼ੁਰੂ ਕਰਨ ਜਾ ਰਹੇ ਹਨ। ਸਤੰਬਰ ਵਿੱਚ ਕਾਂਗਰਸ ਪ੍ਰਧਾਨ ਚੁਣੇ ਗਏ ਖੜਗੇ ਦਿੱਲੀ ਵਿੱਚ ਕਾਂਗਰਸ ਹੈੱਡਕੁਆਰਟਰ ਵਿੱਚ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਮੁੰਬਈ ਕਾਂਗਰਸ ਵੱਲੋਂ ਆਯੋਜਿਤ ਸਥਾਪਨਾ ਦਿਵਸ ਪ੍ਰੋਗਰਾਮ ਦਾ ਉਦਘਾਟਨ ਕਰਨਗੇ।