ਸਾਡੇ ਸਮਾਜ ਵਿੱਚ ਮਨੁੱਖ ਦੇ ਤੌਰ ਤੇ ਔਰਤ ਦਾ ਦਰਜਾ ਕਿਸੇ ਰੂਪ ਵਿੱਚ ਵੀ ਬਰਾਬਰਤਾ ਵਾਲਾ ਨਹੀਂ ਹੈ।ਇਸ ਦੇ ਪਿੱਛੇ ਇੱਕ ਲੰਮਾ ਇਤਿਹਾਸ ਹੈ ਜਿਸ ਦਾ ਸੰਖੇਪ ਜ਼ਿਕਰ ਆਪਾਂ ਅੱਗੇ ਚੱਲ ਕੇ ਕਰਾਂਗੇ। ਮੌਜੂਦਾ ਸਮੇਂ ਵਿੱਚ ਔਰਤਾਂ ਦੀ ਹਾਲਤ ਦੀ ਗੱਲ ਕਰੀਏ ਤਾਂ ਭਾਰਤ ਵਿੱਚ 2021 ਵਿੱਚ ਔਰਤਾਂ ਖ਼ਿਲਾਫ਼ ਜੁਰਮਾਂ ਦੇ 3,71,503 ਮਾਮਲੇ ਦਰਜ ਹੋਏ।(MOREPIC1)
ਹਰ ਘੰਟੇ ਘਰੇਲੂ ਹਿੰਸਾ ਦੇ 15 ਅਤੇ ਬਲਾਤਕਾਰ ਦੇ 3 ਮਾਮਲੇ ਦਰਜ ਹੁੰਦੇ ਹਨ। ਇਹ ਉਹ ਮਾਮਲੇ ਹਨ ਜੋ ਦਰਜ ਹੋ ਗਏ ਅਸਲ ਤਸਵੀਰ ਇਸ ਤੋਂ ਵੀ ਭਿਆਨਕ ਅਤੇ ਖ਼ੌਫ਼ਨਾਕ ਹੈ। ਜੋ ਮਾਮਲੇ ਸਾਹਮਣੇ ਹੀ ਨਹੀਂ ਆਉਂਦੇ ਇਸ ਵਿਚ ਘਰੇਲੂ ਹਿੰਸਾ, ਛੇੜ-ਛਾੜ ਬਲਾਤਕਾਰ ਤੋਂ ਲੈ ਕੇ ਕਤਲ ਤੱਕ ਦੇ ਜੁਰਮ ਹਨ।ਕੇਂਦਰੀ ਕੈਬਨਿਟ ਮੰਤਰੀ ਕਿਰਨ ਰਿਜੀਜੂ ਨੇ ਰਾਜ ਸਭਾ ਵਿੱਚ ਬੋਲਦੇ ਹੋਏ ਦੱਸਿਆ ਸੀ ਕਿ 2014-2016 ਤੱਕ 1,10,33ਜਿਣਸੀ ਸੋਸ਼ਨ ਦੇ ਕੇਸ ਦਰਜ ਹੋਏ 2015 ਵਿੱਚ 34,651 ਬਲਾਤਕਾਰ ਦੇ ਕੇਸ ਦਰਜ ਹੋਏ ਅਤੇ 2019 ਵਿੱਚ 38,947 ਬਲਾਤਕਾਰ ਦੇ ਕੇਸ ਦਰਜ ਕੀਤੇ ਗਏ। 2016 ਵਿੱਚ 3,38,954 ਕੇਸ ਜਿਣਸੀ ਸ਼ੋਸ਼ਣ ਦੇ ਦਰਜ ਹੋਏ।2006 ਦੀ ਕੌਮੀ ਅਪਰਾਧਿਕ ਬਿਊਰੋ ਦੀ ਰਿਪੋਰਟ ਅਨੁਸਾਰ 71% ਬਲਾਤਕਾਰ ਦੇ ਕੇਸ ਦਰਜ਼ ਹੀ ਨਹੀਂ ਹੁੰਦੇ।
ਇਹ ਮਹਿਜ਼ ਅੰਕੜੇ ਨਹੀਂ ਹਨ ਧੜਕਦੀਆਂ ਇਨਸਾਨੀ ਜ਼ਿੰਦਗੀਆਂ ਹਨ ਜਿਨ੍ਹਾਂ ਨੂੰ ਘਿਨਾਉਣੇ ਅਪਰਾਧਾਂ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਜਿਣਸੀ ਸ਼ੋਸ਼ਣ ਦਾ ਮਾਮਲਾ ਔਰਤਾਂ ਨੂੰ ਰੋਜ਼ਮੱਰਾ ਦੀ ਜ਼ਿੰਦਗੀ ਵਿੱਚ ਸਹਿਣ ਕਰਨਾ ਪੈਂਦਾ ਹੈ। ਇੱਥੇ ਔਰਤਾਂ ਤੋਂ ਸਾਡਾ ਭਾਵ ਦੱਸ ਮਹੀਨੇ ਦੀ ਬੱਚੀ ਤੋਂ ਲੈ ਕੇ ਅੱਸੀ ਸਾਲ ਦੀ ਬਜ਼ੁਰਗ ਔਰਤ ਤੋਂ ਹੈ।ਕਿਸੇ ਉੱਤੇ ਜਿਣਸੀ ਟਿੱਪਣੀ ਜਾਂ ਮਜ਼ਾਕ ਕਰਨਾ, ਛੂਹਣਾ,ਭੱਦੀਆਂ ਨਜ਼ਰਾਂ ਨਾਲ ਵੇਖਣਾ, ਘੂਰਨਾ, ਜਿਣਸੀ ਸਵਾਲ ਪੁੱਛਣੇ, ਕਿਸੇ ਬਾਬਤ ਜਿਣਸੀ ਅਫ਼ਵਾਹ ਫੈਲਾਉਣੀ, ਸੋਸ਼ਲ ਮੀਡੀਆ ਤੇ ਆਨਲਾਈਨ ਛੇੜਛਾੜ ਕਰਨੀ ਇਹ ਸਭ ਜਿਣਸੀ ਸ਼ੋਸ਼ਣ ਦੇ ਰੂਪ ਹਨ। ਜਿਣਸੀ ਸ਼ੋਸ਼ਣ ਦਾ ਸਾਹਮਣਾ ਸਿਰਫ਼ ਔਰਤਾਂ ਨੂੰ ਹੀ ਨਹੀਂ ਕਰਨਾ ਪੈਂਦਾ ਇਸ ਦੀ ਚਪੇਟ ਵਿੱਚ ਬੱਚੇ (ਮੁੰਡੇ-ਕੁੜੀਆਂ ਦੋਵੇਂ) ਆਉਂਦੇ ਹਨ।
ਕੌਮੀ ਅਪਰਾਧ ਬਿਊਰੋ ਦੀ 2017 ਦੀ ਰਿਪੋਰਟ ਮੁਤਾਬਕ ਭਾਰਤ ਵਿੱਚ 15 ਮਿੰਟਾਂ ਵਿਚ ਇਕ ਬੱਚੀ ਨਾਲ ਛੇੜਛਾੜ ਦੀ ਘਟਨਾ ਹੁੰਦੀ ਹੈ।2019 ਵਿਚ 1,06,912 ਬੱਚਿਆਂ ਦੇ ਅਪਰਾਧਾਂ ਦੇ ਕੇਸ ਦਰਜ ਕੀਤੇ ਗਏ ਇਨ੍ਹਾਂ ਵਿੱਚੋਂ 36,622 ਕੇਸ ਪ੍ਰੋਟੈਕਸ਼ਨ ਆਫ਼ ਚਿਲਡਰਨ ਫ਼ਰਾਮ ਸੈਕਸੂਅਲ ਅਫੈਂਸਿਜ਼ ਐਕਟ ਤਹਿਤ ਦਰਜ ਕੀਤੇ ਗਏ।ਭਾਰਤੀ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਕੀਤੀ ਗਈ 2007 ਦੇ ਸਰਵੇ ਦੀ ਰਿਪੋਰਟ ਮੁਤਾਬਕ 53% ਬੱਚਿਆਂ ਨੇ ਇਹ ਕਿਹਾ ਕਿ ਉਨ੍ਹਾਂ ਨਾਲ ਕਿਸੇ ਤਰ੍ਹਾਂ ਦੀ ਜਿਣਸੀ ਛੇੜਛਾੜ ਹੋਈ ਸੀ। ਬੱਚਿਆਂ ਨਾਲ ਬਲਾਤਕਾਰ ਅਤੇ ਜਿਨਸੀ ਛੇੜਛਾੜ ਕਰਨ ਵਾਲੇ ਬਹੁਤੇ ਪਰਿਵਾਰਕ ਮੈਂਬਰ ਜਾਂ ਪਰਿਵਾਰ ਨਾਲ ਜਾਣ ਪਛਾਣ ਦੇ ਹੁੰਦੇ ਹਨ।
ਡਾਕਟਰਾਂ ਦਾ ਮੰਨਣਾ ਹੈ ਕਿ ਬੱਚਿਆਂ ਨਾਲ ਹੁੰਦੇ ਬਲਾਤਕਾਰ ਅਤੇ ਜਿਨਸੀ ਸ਼ੋਸ਼ਣ ਦੇ ਮਾਮਲੇ ਬਹੁਤ ਗੁੰਝਲਦਾਰ ਹੁੰਦੇ ਹਨ। ਬੱਚਿਆਂ ਨੂੰ ਸੈਕਸ਼ੂਅਲ ਐਕਟਿਵਿਟੀ ਅਤੇ ਅੰਗਾਂ ਬਾਰੇ ਪਤਾ ਨਹੀਂ ਹੁੰਦਾ।ਇਸ ਨਾਲ ਬੱਚੇ ਦੇ ਮਨ ਵਿੱਚ ਉਮਰ ਭਰ ਲਈ ਡਰ ਬੈਠ ਸਕਦਾ ਹੈ। ਉਸ ਦੇ ਦਿਮਾਗੀ ਜਾਂ ਸਰੀਰਕ ਅੰਗਾਂ ਵਿਚਵਿਕਾਰ ਆ ਸਕਦਾ ਹੈ।ਉਹ ਕਈ ਵਾਰ ਉਮਰ ਭਰ ਇਸ ਘਟਨਾ ਨੂੰ ਭੁਲਾ ਨਹੀਂ ਸਕਦੇ। ਉਨ੍ਹਾਂ ਦੇ ਆਤਮ ਵਿਸ਼ਵਾਸ ਵਿੱਚ ਉਮਰ ਭਰ ਲਈ ਕਮੀ ਆ ਜਾਂਦੀ ਹੈ।(MOREPIC2)
ਸਾਡੇ ਦੇਸ਼ ਦੀ ਰਾਜਧਾਨੀ ਦਿੱਲੀ ਸਿਰਫ ਭਾਰਤ ਦੀ ਹੀ ਰਾਜਧਾਨੀ ਨਹੀਂ ਹੈ ਸਗੋਂ ਔਰਤਾਂ ਖ਼ਿਲਾਫ਼ ਹੁੰਦੇ ਬਲਾਤਕਾਰਾਂ ਅਤੇ ਜਿਣਸੀ ਸ਼ੋਸ਼ਣ ਦੀ ਵੀ ਰਾਜਧਾਨੀ ਹੈ।ਦਿੱਲੀ ਔਰਤਾਂ ਲਈ ਪੂਰੀ ਦੁਨੀਆਂ ਦੇ ਅਸੁਰੱਖਿਅਤ ਸ਼ਹਿਰਾਂ ਵਿੱਚ ਆਉਂਦੀ ਹੈ।ਨਿਰਭਿਆ ਸਮੂਹਿਕ ਬਲਾਤਕਾਰ ਅਤੇ ਕਤਲ ਦਾ ਮਾਮਲਾ ਹੋਣ ਤੋਂ ਬਾਅਦ ਵੱਡੇ ਲੋਕ ਰੋਹ ਤੋਂ ਬਾਅਦ ਵੀ ਉਥੇ ਅਪਰਾਧਾਂ ਵਿਚ ਕੋਈ ਕਮੀ ਨਹੀਂ ਆਈ ਹੈ।ਇਸੇ ਸਾਲ ਜਦੋਂ ਦੇਸ਼ ਛੱਬੀ ਜਨਵਰੀ ਨੂੰ ਗਣਤੰਤਰ ਦਿਵਸ ਮਨਾ ਰਿਹਾ ਸੀ ਤਾਂ ਦਿੱਲੀ ਵਿੱਚ ਇੱਕ ਕੁੜੀ ਨੂੰ ਔਰਤਾਂ ਨੇ ਹੀ ਆਪਣੇ ਘਰ ਦੇ ਮਰਦਾਂ ਤੋਂ ਬਲਾਤਕਾਰ ਕਰਵਾਇਆ ਉਸ ਦੇ ਵਾਲ ਕੱਟੇ ਅਤੇ ਮੂੰਹ ਕਾਲਾ ਕਰ ਕੇ ਮੁਹੱਲੇ ਵਿੱਚ ਘੁੰਮਾਇਆ। ਕੁੜੀ ਦਾ ਕਸੂਰ ਇਹ ਦੱਸਿਆ ਗਿਆ ਕਿ ਉਸ ਨੇ ਉਨ੍ਹਾਂ ਦੇ ਮੁੰਡੇ ਨੂੰ ਪ੍ਰੇਮ ਲਈ ਨਾਂ ਬੋਲ ਦਿੱਤੀ ਸੀ ਅਤੇ ਉਹ ਆਤਮਹੱਤਿਆ ਕਰ ਗਿਆ।ਮੁੰਡੇ ਦੀ ਆਤਮ ਹੱਤਿਆ ਦਾ ਬਦਲਾ ਲੈਣ ਲਈ ਉਸ ਦੇ ਘਰ ਦੀਆਂ ਔਰਤਾਂ ਅਤੇ ਮਰਦਾਂ ਨੇ ਇਹ ਘਿਨਾਉਣਾ ਕਾਂਡ ਰਚਿਆ।ਹਾਲਾਂਕਿ ਪੀੜਤ ਲੜਕੀ ਵਲੋਂ ਪੁਲਸ ਵਿਚ ਸ਼ਿਕਾਇਤ ਕਰ ਦਿੱਤੀ ਗਈ ਸੀ ਕਿ ਉਸ ਨੂੰ ਉਸ ਲੜਕੇ ਅਤੇ ਉਸ ਦੇ ਘਰਦਿਆਂ ਕੋਲੋਂ ਵਾਰ ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ।ਪਰ ਪੁਲਸ ਨੇ ਇਸ ਉੱਤੇ ਕੋਈ ਕਾਰਵਾਈ ਕਰਨੀ ਗ਼ੈਰ ਜ਼ਰੂਰੀ ਸਮਝੀ।
ਜੰਮੂ ਕਸ਼ਮੀਰ ਵਿੱਚ ਆਸਿਫਾ ਬਲਾਤਕਾਰ ਅਤੇ ਕਤਲ ਦਾ ਮਾਮਲਾ ਮੰਦਰ ਵਿੱਚ ਵਾਪਰਿਆ।ਕੁਨਾਨ ਪੋਸ਼ਪੁਰਾ ਦੀ ਦਿਲ ਕੰਬਾਊ ਘਟਨਾ ਸਾਡੇ ਸਾਹਮਣੇ ਹੈ।ਜਿੱਥੇ ਭਾਰਤੀ ਫ਼ੌਜ ਨੇ ਸਾਰੇ ਪਿੰਡ ਦੀਆਂ ਔਰਤਾਂ ਅਤੇ ਬੱਚੀਆਂ ਨਾਲ ਸਮੂਹਿਕ ਬਲਾਤਕਾਰ ਕੀਤਾ।ਉਹ ਕੁੜੀਆਂ ਹੁਣ ਜਵਾਨ ਹੋ ਗਈਆਂ ਹਨ ਅਤੇ ਉਨ੍ਹਾਂ ਨੇ ਬਕਾਇਦਾ ਇੱਕ ਕਿਤਾਬ ਵਿਚ ਇਨ੍ਹਾਂ ਘਟਨਾਵਾਂ ਨੂੰ ਬਿਆਨ ਕੀਤਾ ਹੈ। ਪਰ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਦੁਹਾਈ ਪਾਉਣ ਵਾਲੇ ਦੇਸ਼ ਵਿੱਚ ਇਸ ਮਸਲੇ ਤੇ ਕਿਸੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ ਬਲਕਿ ਜਦੋਂ ਇਹ ਕਿਤਾਬ ਕਸ਼ਮੀਰ ਵਿੱਚ ਰਿਲੀਜ਼ ਕੀਤੀ ਜਾਣੀ ਸੀ ਤਾਂ ਏਸ ਕਿਤਾਬ ਨੂੰ ਰਿਲੀਜ਼ ਹੋਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ।ਬਹੁਤ ਸਾਰੀਆਂ ਗੈਰ ਸਰਕਾਰੀ ਸੰਸਥਾਵਾਂ ਨੇ ਸਰਵੇ ਵਿਚ ਦੱਸਿਆ ਹੈ ਕਿ ਜੰਮੂ ਕਸ਼ਮੀਰ ਵਿੱਚ ਭਾਰਤੀ ਫ਼ੌਜ ਉੱਥੋਂ ਦੀਆਂ ਔਰਤਾਂ ਨਾਲ ਬਲਾਤਕਾਰ ਕਰਦੀ ਹੈ। ਅਜਿਹੀਆਂ ਸੈਂਕੜੇ ਨਹੀਂ ਬਲਕਿ ਹਜ਼ਾਰਾਂ ਘਟਨਾਵਾਂ ਹਨ ਪਰ ਉਸ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ।ਇਸੇ ਤਰਾਂ ਮੱਧ ਪੂਰਬੀ ਰਾਜਾਂ ਅਤੇ ਆਦਿ ਵਾਸੀ ਔਰਤਾਂ ਨਾਲ ਫੌਜ਼ ਵਲੋਂ ਬਲਾਤਕਾਰ ਕਰਨ ਦੇ ਦੋਸ਼ ਲੱਗਦੇ ਹਨ। ਮਨੁੱਖੀ ਅਧਿਕਾਰ ਕਾਰਕੁੰਨ ਸੋਨੀ ਸੋਰੀ ਨਾਲ ਐਸਪੀ ਵਲੋਂ ਥਾਣੇ ਵਿੱਚ ਬਲਾਤਕਾਰ ਕੀਤਾ ਗਿਆ ਅਤੇ ਉਸ ਦੇ ਜਨਣ ਅੰਗਾਂ ਵਿੱਚ ਪਥਰੀਆਂ ਤੁੰਨ ਦਿੱਤੀਆਂ ਗਈਆਂ।(MOREPIC3)
ਹੈਦਰਾਬਾਦ ਵਿਚ ਵੈਟਰਨਰੀ ਡਾਕਟਰ ਲੜਕੀ ਨੂੰ ਕੁਝ ਬਦਮਾਸ਼ਾਂ ਦੁਆਰਾ ਬਲਾਤਕਾਰ ਕਰ ਕੇ ਜਿਉਂਦਾ ਸਾੜ ਦਿੱਤਾ।ਪੁਲਸ ਨੇ ਲੋਕਾਂ ਦਾ ਰੋਹ ਦਬਾਉਣ ਲਈ ਤਿੰਨ ਮੁੰਡਿਆਂ ਦਾ ਮੁਕਾਬਲਾ ਬਣਾ ਕੇ ਮਾਰ ਦਿੱਤਾ। ਹੁਣ ਰਿਪੋਰਟਾਂ ਆ ਰਹੀਆਂ ਹਨ ਕਿ ਪੁਲਿਸ ਦਾ ਉਹ ਮੁਕਾਬਲਾ ਝੂਠਾ ਸੀ ਅਤੇ ਜਿਨ੍ਹਾਂ ਨੂੰ ਮਾਰਿਆ ਉਹ ਵੀ ਬੇਕਸੂਰ ਸਨ।ਅਸਲ ਕਸੂਰਵਾਰ ਤਾਂ ਪੁਲਸ ਨੇ ਫੜੇ ਹੀ ਨਹੀਂ ਉਹ ਤਾਂ ਸਿਰਫ ਲੋਕਾਂ ਦਾ ਰੋਹ ਦਬਾਉਣ ਲਈ ਮੁਕਾਬਲਾ ਬਣਾ ਦਿੱਤਾ ਗਿਆ ਸੀ।
ਉੱਤਰ ਪ੍ਰਦੇਸ਼ ਵਿੱਚ ਉਨਾਓ ਕਾਂਡ ਵਿਚ ਸ਼ਾਮਲ ਸੱਤਾਧਾਰੀ ਬੀਜੇਪੀ ਦਾ ਐਮਐਲਏ ਕੁਲਦੀਪ ਸੇੰਗਰਅਤੇ ਉਸ ਦੇ ਸਾਥੀ ਕੰਮ ਲਈ ਫ਼ਰਿਆਦ ਲੈ ਕੇ ਆਈ ਲੜਕੀ ਨਾਲ ਕਈ ਦਿਨਾਂ ਤਕ ਬਲਾਤਕਾਰ ਕਰਦੇ ਰਹੇ। ਪੀੜਤ ਲੜਕੀ ਦੀ ਕਿਸੇ ਨੇ ਕੋਈ ਗੱਲ ਨਹੀਂ ਸੁਣੀ ਨਾ ਹੀ ਮੀਡੀਆ ਵਿੱਚ ਅਤੇ ਨਾ ਹੀ ਪੁਲਸ ਨੇ ਕੋਈ ਰਿਪੋਰਟ ਦਰਜ ਕੀਤੀ।ਅੰਤ ਕੁੜੀ ਨੂੰ ਮੁੱਖ ਮੰਤਰੀ ਅਦਿੱਤਨਾਥ ਯੋਗੀ ਦੇ ਘਰ ਮੂਹਰੇ ਆ ਕੇ ਆਤਮਦਾਹ ਦੀ ਕੋਸ਼ਿਸ਼ ਕਰਨੀ ਪਈ ਤਾਂ ਇਹ ਮਾਮਲਾ ਮੀਡੀਆ ਵਿੱਚ ਆ ਗਿਆ। ਉਸ ਤੋਂ ਬਾਅਦ ਪੁਲੀਸ ਅਦਾਲਤਾਂ ਵੀ ਦੋਸ਼ੀ ਦੇ ਹੱਕ ਵਿੱਚ ਭੁਗਤਦੀਆਂ ਰਹੀਆਂ। ਸੱਤਾਧਾਰੀ ਪਾਰਟੀ ਦਾ ਐਮ ਐਲ ਏ ਅਤੇ ਬਾਹੂਬਲੀ ਕੁਲਦੀਪ ਸੇਂਗਰ ਨੇ ਆਪਣੀ ਤਾਕਤ ਦੇ ਜ਼ੋਰ ਤੇ ਲੜਕੀ ਅਤੇ ਉਸ ਦੇ ਪਰਿਵਾਰ ਵਾਲਿਆਂ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਪੁਲੀਸ ਅਤੇ ਅਦਾਲਤਾਂ ਵੀ ਉਸ ਲੜਕੀ ਨੂੰ ਸੁਰੱਖਿਆ ਪ੍ਰਦਾਨ ਨਹੀਂ ਕਰ ਸਕੀਆਂ।ਉਸ ਦੇ ਰਿਸ਼ਤੇਦਾਰ ਅਤੇ ਵਕੀਲਾਂ ਨੂੰ ਟਰੱਕ ਰਾਹੀਂ ਕੁਚਲਣ ਦੀ ਕੋਸ਼ਿਸ਼ ਕੀਤੀ ਗਈ
ਜਗੀਰੂ ਦੌਰ ਵਿੱਚ ਜਦੋਂ ਕਬੀਲੇ ਅਤੇ ਰਾਜੇ ਮਹਾਰਾਜਿਆਂ ਦੀ ਲੜਾਈਆਂ ਹੁੰਦੀਆਂ ਸਨ ਤਾਂ ਜੇਤੂ ਕਬੀਲਾ ਉੱਥੋਂ ਦੀਆਂ ਔਰਤਾਂ ਨੂੰ ਲੈ ਜਾਂਦਾ ਸੀ ਅਤੇ ਉਨ੍ਹਾਂ ਨਾਲ ਬਲਾਤਕਾਰ ਕਰਨਾ ਆਪਣਾ ਜਨਮ ਸਿੱਧ ਅਧਿਕਾਰ ਸਮਝਦਾ ਸੀ।ਦੰਗੇ ਫ਼ਸਾਦਾਂ ਦੌਰਾਨ ਸਭ ਤੋਂ ਜ਼ਲੀਲ ਔਰਤਾਂ ਨੂੰ ਹੋਣਾ ਪੈਂਦਾ ਹੈ।ਇਸ ਵਿੱਚ ਇੱਕ ਧਿਰ ਦੂਜੀ ਧਿਰ ਨੂੰ ਮਾਰਨ ਤੋਂ ਬਿਨਾਂ ਮਾਨਸਿਕ ਤੌਰ ਤੇ ਉਸ ਦਾ ਉਤਪੀੜਨ ਕਰਨ ਲਈ ਉਨ੍ਹਾਂ ਦੀਆਂ ਔਰਤਾਂ ਨੂੰ ਬਲਾਤਕਾਰ ਦਾ ਸ਼ਿਕਾਰ ਬਣਾਉਂਦੀ ਹੈ ਭਾਰਤ ਪਾਕਿ ਵੰਡ ਦੌਰਾਨ ਹੋਏ ਦੰਗੇ ਫ਼ਸਾਦ ਅਤੇ ਗੁਜਰਾਤ ਦੰਗਿਆਂ ਦੌਰਾਨ ਮੁਸਲਮਾਨ ਔਰਤਾਂ ਨਾਲ ਹੋਏ ਬਲਾਤਕਾਰ ਅਤੇ ਕਤਲ ਦੀਆਂ ਘਟਨਾਵਾਂ ਸਾਡੇ ਸਾਹਮਣੇ ਹਨ।ਪੰਜਾਬੀ ਲੇਖਿਕਾ ਅੰਮ੍ਰਿਤਾ ਪ੍ਰੀਤਮ ਦੀ ਮਸ਼ਹੂਰ ਕਵਿਤਾ ‘ਅੱਜ ਆਖਾਂ ਵਾਰਿਸ ਸ਼ਾਹ ਨੂੰ ਅਤੇ ਉਸ ਦਾ ਨਾਵਲ ‘ਪਿੰਜਰ’ਰਚਨਾਵਾਂ ਭਾਰਤ ਪਾਕਿਸਤਾਨ ਵੰਡ ਵਿਚ ਔਰਤਾਂ ਦੀ ਹੋਈ ਬੇਪੱਤੀ ਦੇ ਦਰਦ ਨੂੰ ਮਾਰਮਿਕ ਤਰੀਕੇ ਨਾਲ ਬਿਆਨ ਕਰਦੀਆਂ ਹਨ।(MOREPIC4)
ਅਸਲ ਵਿੱਚ ਬਲਾਤਕਾਰ ਦੀ ਪ੍ਰਕਿਰਿਆ ਕੁੜੀ ਦੇ ਜੰਮਣ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ।ਜਦੋਂ ਵੀ ਕੁੜੀ ਹੁੰਦੀ ਹੈ ਤਾਂ ਕਿਹਾ ਜਾਂਦਾ ਹੈ ਲੈ ਬਈ ਕੁੜੀ ਹੋ ਗਈ ਉਂਜ ਜੇ ਚਾਨਣ ਹੋ ਜਾਂਦਾ ਤਾਂ ਚੰਗਾ ਸੀ,ਚਲੋ ਕੁੜੀਆਂ ਵੀ ਮੁੰਡਿਆਂ ਵਰਗੀਆਂ ਹੀ ਨੇ,ਕੁੜੀ ਜੰਮਣ ਤੇ ਸਾਰੇ ਪਰਿਵਾਰ ਅਤੇ ਰਿਸ਼ਤੇਦਾਰਾਂ ਦੇ ਮੂੰਹ ਉਤਰ ਜਾਂਦੇ ਹਨ। ਮੁੰਡੇ ਦਾ ਹੋਣਾ ਚਾਨਣ ਨਾਲ ਜੋੜਿਆ ਜਾਂਦਾ ਹੈ। ਮਰਦ ਪ੍ਰਧਾਨ ਪਿੱਤਰ ਸੱਤਾ ਸੋਚ ਸੁੱਤੇ ਸਿੱਧ ਹੀ ਸਮਾਜ ਵਿੱਚ ਗ੍ਰਹਿਣ ਕੀਤੀ ਜਾਂਦੀ ਹੈ।ਮੁੰਡੇ ਦੇ ਜੰਮਣ ਦੀਆਂ ਰਸਮਾਂ, ਤਿੱਥ, ਤਿਉਹਾਰ, ਵਿਆਹ ਆਦਿ ਸਾਰੇ ਹੀ ਅੌਰਤ ਵਿਰੋਧੀ ਹਨ। ਘਰ ਵਿੱਚ ਕੁੜੀ ਦਾ ਪਾਲਣ ਪੋਸ਼ਣ ਅਤੇ ਮੁੰਡੇ ਦਾ ਪਾਲਣ ਪੋਸ਼ਣ ਵੱਖੋ ਵੱਖਰੇ ਢੰਗ ਤਰੀਕਿਆਂ ਨਾਲ ਕੀਤਾ ਜਾਂਦਾ ਹੈ।ਔਰਤਾਂ/ਕੁੜੀ ਦੀ ਪੜ੍ਹਾਈ,ਵਿਆਹ , ਘਰਦੇਵਿੱਚਔਰਤਦੀ ਕੋਈ ਮਰਜ਼ੀ ਨਹੀਂ ਚੱਲਦੀ।ਘਰ ਵਿੱਚ ਇੱਕ ਵੱਡਾ ਲਾਣੇਦਾਰ ਵੀ ਮਰਦ ਹੀ ਹੁੰਦਾ ਹੈ।ਨਾ ਹੀ ਲੜਕੀ ਆਪਣੀ ਮਰਜ਼ੀ ਨਾਲ ਵਿਆਹ ਕਰਵਾਉਣ ਦਾ ਫ਼ੈਸਲਾ ਲੈ ਸਕਦੀ ਹੈ।ਇਸ ਨੂੰ ਇੱਜ਼ਤ ਨਾਲ ਜੋੜਿਆਜਾਂਦਾ ਹੈ।ਜੇ ਕੋਈ ਕੁੜੀ ਮਰਜ਼ੀ ਨਾਲ ਵਿਆਹ ਕਰਵਾ ਲਏ ਤਾਂ ਉਸ ਨੂੰ ਵੀ ਕਿਹਾ ਜਾਂਦਾ ਹੈ ਕਿ ਇਸ ਨੇ ਭੱਜ ਕੇ ਵਿਆਹ ਕਰਵਾ ਲਿਆਅਤੇ ਘਰ ਦੀ ਇੱਜ਼ਤ ਮਿੱਟੀ ਵਿਚ ਰੋਲ ਦਿੱਤੀ। ਜੇਕਰ ਮੁੰਡਾ ਭੱਜ ਕੇ ਵਿਆਹ ਕਰਵਾਵੇ ਤਾਂ ਉਸ ਦਾ ਸਮਾਜਿਕ ਰੁਤਬਾ ਲਗਪਗ ਉਸੇ ਤਰ੍ਹਾਂ ਹੀ ਬਰਕਰਾਰ ਰਹਿੰਦਾ ਹੈ।ਹਰਿਆਣੇ ਅਤੇ ਕੁਝ ਹੋਰ ਥਾਵਾਂ ਤੇ ਮਰਜ਼ੀ ਨਾਲ ਵਿਆਹ ਕਰਵਾਉਣ ਤੋਂ ਬਾਅਦ ਆਨਰ ਕਿਲਿੰਗ ਦੇ ਕੇਸ ਆਮ ਸੁਣੇ ਵੇਖੇ ਹਨ। ਵੈਸੇ ਕੁੜੀ ਨੂੰ ਭੱਜਣਾ ਹੀ ਕਿਉਂ ਪਵੇ ਜੇਕਰ ਉਸ ਦੀ ਗੱਲ ਮੰਨ ਲਈ ਗਈ ਹੁੰਦੀ।
ਘਰਾਂ ਵਿੱਚ ਔਰਤਾਂ ਉਹ ਦਿਹਾੜੀਦਾਰ ਹਨ ਜੋ ਤਾਉਮਰ ਬਿਨਾਂ ਤਨਖਾਹ ਤੋਂ ਸਵੇਰੇ ਸਭ ਤੋਂ ਪਹਿਲਾਂ ਉੱਠ ਕੇ ਅਤੇ ਰਾਤ ਨੂੰ ਸਭ ਤੋਂ ਬਾਅਦ ਤਕ ਕੰਮ ਕਰਦੀਆਂ ਹਨ।ਥੱਕ ਟੁੱਟ ਕੇ ਮਰੇ ਸੱਪ ਵਾਂਗੂ ਕੰਮ ਕਰਨ ਤੋਂ ਬਾਅਦ ਮੰਜੇ ਤੇ ਡਿੱਗਦੀਆਂ ਹਨ। ਸਾਡੀਆਂ ਅਦਾਲਤਾਂ ਅਜੇ ਵੀ ਵਿਆਹੁਤਾ ਬਲਾਤਕਾਰ (ਘਰਵਾਲੀ ਦੀ ਇੱਛਾ ਤੋਂ ਬਿਨਾਂ ਪਤੀ ਵੱਲੋਂ ਉਸ ਦੇ ਨਾਲ ਸੰਬੰਧ ਬਣਾਉਣ) ਨੂੰ ਬਲਾਤਕਾਰ ਨਹੀਂ ਮੰਨਦੀਆਂ।
ਕੰਮਕਾਜੀ ਔਰਤਾਂ ਦਾ ਕੰਮ ਵਾਲੀਆਂ ਥਾਵਾਂ ਤੇ ਜਿਣਸੀ ਸ਼ੋਸ਼ਣ ਆਮ ਵਰਤਾਰਾ ਹੈ।ਪਿੰਡਾਂ ਵਿੱਚ ਦਲਿਤ ਔਰਤਾਂ ਦੀ ਹਾਲਤ ਇਸ ਤੋਂ ਵੀ ਬਦਤਰ ਹੈ।ਪੰਜਾਬ ਵਿੱਚ ਦਲਿਤ ਔਰਤਾਂ ਦੀ ਇੱਜ਼ਤਦੀ ਕੀਮਤ ਸਿਰਫ਼ ਪੱਠਿਆਂ ਦੀ ਇੱਕ ਪੰਡ ਹੈ।ਸ਼ਹਿਰਾਂ ਵਿੱਚ ਘਰਾਂ ਵਿੱਚ ਕੰਮ ਕਰਨ ਵਾਲੀਆਂ (ਡੋਮੈਸਟਿਕ ਵਰਕਰਜ਼)ਔਰਤਾਂ ਨਾਲ ਮਾਲਕਾਂ ਵੱਲੋਂ ਜਿਣਸੀ ਛੇੜਛਾੜ /ਬਲਾਤਕਾਰ ਵੀ ਆਮ ਵਰਤਾਰਾ ਹੈ। ਇਨ੍ਹਾਂ ਔਰਤਾਂ ਨੂੰ ਆਪਣੀਆਂ ਆਰਥਿਕ ਮਜਬੂਰੀਆਂ ਕਰਕੇ ਆਪਣਾ ਮੂੰਹ ਬੰਦ ਰੱਖਣਾ ਪੈਂਦਾ ਹੈ। ਇਸ ਤੋਂ ਇਲਾਵਾ ਇਨ੍ਹਾਂ ਔਰਤਾਂ ਨੂੰ ਕੰਮ ਦੇ ਘੰਟਿਆਂ ਦੇ ਬਦਲੇ ਬਹੁਤ ਨਿਗੂਣੀ ਜਿਹੀ ਤਨਖ਼ਾਹ ਮਿਲਦੀ ਹੈ।ਕੰਮਕਾਜ ਲਈ ਔਰਤਾਂ ਸਸਤੀਆਂ ਮਜ਼ਦੂਰ ਹਨ।ਦੁਨੀਆਂ ਭਰ ਵਿਚ ਕਿਰਤ ਸ਼ਕਤੀ ਅਤੇ ਕੰਮ ਦੇ ਘੰਟਿਆਂ ਦਾ ਔਰਤਾਂ ਦਾ ਹਿੱਸਾ 67% ਫ਼ੀਸਦੀ ਬਣਦਾ ਹੈ ਜਦੋਂ ਕਿ ਦੁਨੀਆਂ ਭਰ ਦੀ ਦੌਲਤ ਅਤੇ ਜਾਇਦਾਦ ਵਿੱਚ ਔਰਤਾਂ ਦਾ ਹਿੱਸਾ 10ਫ਼ੀਸਦ ਤੋਂ ਵੀ ਥੱਲੇ ਹੈ।(MOREPIC5)
ਹੁਣ ਸਵਾਲ ਆ ਜਾਂਦਾ ਹੈ ਕਿ ਔਰਤਾਂ ਦੀ ਇਹ ਹਾਲਤ ਕੀ ਸ਼ੁਰੂ ਤੋਂ ਹੀ ਐਵੇਂ ਸੀ? ਜਵਾਬ ਹੈ ਨਹੀਂ। ਜਦੋਂ ਸਮਾਜ ਵਿਚ ਨਿੱਜੀ ਸੰਪਤੀ ਹੋਂਦ ਵਿਚ ਨਹੀਂ ਆਈ ਸੀ ਅਤੇ ਸਾਰੇ ਬਰਾਬਰ ਭੋਜਨ ਲਈ ਕੁਦਰਤ ਅਤੇ ਜਾਨਵਰਾਂ ਤੇ ਨਿਰਭਰ ਸੀ ਤਾਂ ਪੈਦਾਵਾਰ ਵਿਚ ਔਰਤਾਂ ਦਾ ਬਰਾਬਰ ਦਾ ਯੋਗਦਾਨ ਸੀ। ਇਸ ਤੋਂ ਇਲਾਵਾ ਕੁਦਰਤੀ ਤੌਰ ਤੇ ਔਰਤਾਂ ਕੋਲ ਬੱਚੇ ਪੈਦਾ ਕਰਨ ਦੀ ਜ਼ਿੰਮੇਵਾਰੀ ਹੈ।ਇਸ ਲਈ ਔਰਤਾਂ ਮਰਦ ਨਾਲੋਂ ਵੀ ਉੱਚਾ ਰੁਤਬਾ ਰੱਖਦੀਆਂ ਸਨ। ਪਰ ਨਿਜੀ ਸੰਪੱਤੀ/ਜਾਇਦਾਦ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਔਰਤਾਂ ਨੂੰ ਪੈਦਾਵਾਰ ਦੇ ਸਾਧਨਾਂ ਤੋਂ ਵੱਖ ਕਰ ਦਿੱਤਾ ਗਿਆ ਅਤੇ ਘਰ ਦੇ ਕੰਮਾਂ ਤਕ ਮਹਿਦੂਦ ਕਰ ਦਿੱਤਾ ਗਿਆ। ਔਰਤਾਂ ਦੀ ਭੂਮਿਕਾ ਸਿਰਫ਼ ਜਾਇਦਾਦ ਦਾ ਵਾਰਿਸ ਪੈਦਾ ਕਰਨ ਘਰ ਦੇ ਚੁੱਲ੍ਹੇ ਚੌਂਕੇ ਅਤੇ ਹੋਰ ਘਰ ਦੇ ਕੰਮ ਸਾਂਭਣ ਤਕ ਰਹਿ ਗਈ। ਇੱਥੋਂ ਹੀ ਉਨ੍ਹਾਂ ਦੀ ਗੁਲਾਮੀ ਸ਼ੁਰੂ ਹੋਈ। ਜਿਸ ਨੇ ਉਨ੍ਹਾਂ ਨੂੰ ਦੂਜੇ ਦਰਜੇ ਵਿੱਚ ਧੱਕ ਦਿੱਤਾ।ਸਮਾਜਿਕ ਜ਼ਿੰਦਗੀ ਅਤੇ ਕੰਮਾਂ ਵਿੱਚ ਉਨ੍ਹਾਂ ਦਾ ਦਖ਼ਲ ਘਟਦਾ ਗਿਆ ਅਤੇ ਉਨ੍ਹਾਂ ਤੇ ਪਾਬੰਦੀਆਂ ਵਧਦੀਆਂ ਗਈਆਂ ਅਤੇ ਸਭ ਕੁਝ ਚੁੱਪ ਕਰਕੇ ਸਹੀਜਾਣ ਦੇ ਹੁਕਮ ਚਾੜ੍ਹ ਦਿੱਤੇ ਗਏ ਜੋ ਅੱਜ ਤਕ ਚੱਲ ਰਹੇ ਹਨ।
ਸਾਡੀਆਂ ਅਗਾਂਹ ਵਧੂ ਅਤੇ ਖੱਬੇ ਪੱਖੀ ਜਥੇਬੰਦੀਆਂ ਅਤੇ ਉਨ੍ਹਾਂ ਵਿੱਚ ਕੰਮ ਕਰਨ ਵਾਲੇ ਮਰਦ ਵੀ ਪਿੱਤਰ ਸੱਤਾ ਵਿਚਾਰਧਾਰਕ ਮੁੱਲ ਪ੍ਰਬੰਧਾਂ ਅਤੇ ਔਰਤ ਵਿਰੋਧੀ ਮਾਨਸਿਕਤਾ ਨਾਲ ਭਰੇ ਪਏ ਹਨ।ਉਹ ਰੋਜ਼ਮੱਰਾ ਦੇ ਜੀਵਨ ਵਿੱਚ ਅਤੇ ਘਰਾਂ ਵਿੱਚ ਆਪਣੀਆਂ ਔਰਤਾਂ ਨਾਲ ਵੀ ਉਵੇਂ ਦਾ ਵਿਵਹਾਰ ਕਰਦੇ ਹਨ ਜਿਵੇਂ ਕਿ ਆਮ ਨਾਗਰਿਕ ਕਰਦੇ ਹਨ।ਉਹ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਰਸਮਾਂ ਰਿਵਾਜ ਵਿਆਹ ਆਦਿ ਉਸੇ ਮੁੱਲ ਪ੍ਰਬੰਧਾਂ ਅਤੇ ਸਰਮਾਏਦਾਰਾ ਢੋਂਗ ਦੁਆਰਾ ਹੀ ਕਰਦੇ ਹਨ।ਔਰਤ ਕਾਰਕੁਨਾਂ ਨੂੰ ਇੰਨਾ ਅਖੌਤੀ ਅਗਾਂਹ ਵਧੂ ਖੱਬੇਪੱਖੀਆਂ ਨੂੰ ਜਨਤਕ ਤੌਰ ਤੇ ਨੀਂਦਣਾਭੰਡਣਾ ਅਤੇ ਜ਼ਲੀਲ ਕਰਨਾ ਚਾਹੀਦਾ ਹੈ।ਕਿਉਂਕਿ ਇਹ ਹੀ ਉਸ ਵਿਚਾਰਧਾਰਾ ਦਾ ਮਜ਼ਾਕ ਬਣਾ ਰਹੇ ਹਨ ਜੋ ਸਮਾਜ ਨੂੰ ਮੁਕਤੀ ਦੇ ਰਾਹ ਤੇ ਲੈ ਕੇ ਜਾਵੇਗੀ।ਜੇਕਰ ਇਹ ਵੀ ਉਸੇ ਤਰੀਕੇ ਦੇ ਨਾਲ ਆਪਣਾ ਜੀਵਨ ਵਿਵਹਾਰ ਜਾਰੀ ਰੱਖਣਗੇ ਤਾਂ ਸਮਾਜ ਦੇ ਦੂਜੇ ਤਬਕੇ ਵਿੱਚ ਵੀ ਇਹ ਗੱਲ ਘਰ ਕਰ ਜਾਵੇਗੀ ਕਿ ਇਹ ਵੀ ਉਸੇ ਤਰੀਕੇ ਦੇ ਨਾਲ ਔਰਤਾਂ ਪ੍ਰਤੀ ਉਹੀਓ ਸੋਚ ਰੱਖਦੇ ਹਨ ਜੋ ਸਮਾਜ ਦਾ ਸਾਰਾ ਹਿੱਸਾ ਰੱਖਦਾ ਹੈ।
ਔਰਤਾਂ ਨੂੰ ਜੋ ਵੀ ਹੱਕ ਮਿਲੇ ਉਹ ਉਨ੍ਹਾਂ ਦੀ ਜਥੇਬੰਦਕ ਰੂਪ ਵਿੱਚ ਸੰਘਰਸ਼ ਕਰਨ ਨਾਲ ਹੀ ਮਿਲੇ।ਭਾਵੇਂ ਉਹ ਵੋਟ ਦਾ ਹੱਕ, ਪੜ੍ਹਾਈ ਦਾ ਹੱਕ, ਨੌਕਰੀ ਕਰਨ ਦਾ ਹੱਕ ਜਾਂ ਮਰਜ਼ੀ ਨਾਲ ਵਿਆਹ ਦਾ ਹੱਕ। ਇਹ ਹੱਕ ਵੀ ਔਰਤਾਂ ਦੀ ਇੱਕ ਨਿਗੂਣੀ ਜਿਹੀ ਆਬਾਦੀ ਕੋਲਹੀਹਨ। ਇੱਥੇ ਕਾਰਖਾਨਿਆਂ ਵਿਚ ਦਿਹਾੜੀ ਲਾਉਣ ਵਾਲੀਆਂ ਸਸਤੀਆਂ ਮਜ਼ਦੂਰ ਔਰਤਾਂ ਹਨ। ਨੌਕਰੀ ਕਰਨ ਦੇ ਨਾਲ ਨਾਲ ਔਰਤਾਂ ਨੂੰ ਵੀ ਘਰੇਲੂ ਕੰਮ ਨਾਲ ਕਰਨੇ ਪੈਂਦੇ ਹਨ।
ਸਰਮਾਏਦਾਰਾ ਪ੍ਰਬੰਧ ਮੁਨਾਫ਼ੇ ਉੱਤੇ ਆਧਾਰਤ ਹੈ।ਮਜਦੂਰ ਦੀ ਕਿਰਤ ਨੂੰ ਲੁੱਟ ਕੇ ਸਰਮਾਏਦਾਰ ਹੋਰ ਅਮੀਰ ਹੋਈ ਜਾਂਦੇ ਹਨ। ਇਸ ਵਿਚ ਔਰਤਾਂ ਅਤੇ ਔਰਤ ਦਾ ਜਿਸਮ ਵੀ ਇੱਕ ਵਸਤੂ ਬਣ ਕੇ ਰਹਿ ਗਿਆ ਹੈ। ਸਰਮਾਏਦਾਰ ਆਪਣਾ ਹਰ ਸਾਮਾਨ ਵੇਚਣ ਲਈ ਔਰਤ ਦੇ ਜਿਸਮ ਨੂੰ ਨੁਮਾਇਸ਼ ਦੇ ਤੌਰ ਤੇ ਵਰਤਦੇ ਹਨ।ਸਰਮਾਏਦਾਰੀ ਵਿੱਚ ਔਰਤ ਦਾ ਜਿਸਮ ਦੀ ਇਕ ਵੇਚਣ ਖਰੀਦਣ ਵਾਲੀ ਵਸਤੂ ਬਣ ਜਾਂਦਾ ਹੈ। ਵੇਸਵਾਗਮਨੀ ਨੂੰ ਸਰਕਾਰਾਂ ਨੇ ਕਾਨੂੰਨੀ ਹੱਕ ਦਿੱਤੇ ਹੋਏ ਹਨ ਜੋ ਕਿ ਸਰੀਰ ਵੇਚਣ ਦੀਆਂ ਕਲਾਸਿਕ ਉਦਾਹਰਨਾਂ ਹਨ।ਨਵ ਉਦਾਰਵਾਦ ਨੇ ਹਾਲਾਤ ਹੋਰ ਵੀ ਭੈੜੀ ਬਣਾ ਦਿੱਤੇ ਹਨ।
ਔਰਤ ਦੀ ਆਜ਼ਾਦੀ ਅਤੇ ਮੁਕਤੀ ਦੇ ਰਾਹ ਲਈ ਵੀ ਵੱਖੋ ਵੱਖਰੇ ਵਿਚਾਰ ਹਨ।ਜਿਨ੍ਹਾਂ ਵਿੱਚੋਂ ਇੱਕ ਉਨੀਵੀਂ ਸਦੀ ਵਿਚ ਪੈਦਾ ਹੋਇਆ ਨਾਰੀਵਾਦ ਹੈ। ਨਾਰੀਵਾਦ ਦਾ ਮੰਨਣਾ ਹੈ ਕਿ ਔਰਤਾਂ ਦੀ ਗੁਲਾਮੀ ਦਾ ਜ਼ਿੰਮੇਵਾਰ ਮਰਦ ਹੈ ਅਤੇ ਉਨ੍ਹਾਂ ਦੀ ਲੜਾਈ ਮਰਦ ਪ੍ਰਧਾਨ ਸਮਾਜ, ਮਰਦ ਪ੍ਰਧਾਨ ਮੁੱਲ ਪ੍ਰਬੰਧ ਨਾਲ ਹੈ।ਨਾਰੀਵਾਦ ਮਰਦਾਂ ਖ਼ਿਲਾਫ਼ ਸੰਘਰਸ਼ ਦੀ ਗੱਲ । ਦੂਜਾ ਰੂਪ ਉਹ ਹੈ ਜੋ ਸਰਕਾਰ ਤੋਂ ਸਹੂਲਤਾਂ ਦੀ ਮੰਗ ਕਰਦਾ ਹੈ ਜਿਵੇਂ ਕਿ ਵੋਟ ਦਾ ਹੱਕ ਨੌਕਰੀ ਦਾ ਹੱਕ ਚੰਗੀਆਂ ਸਹੂਲਤਾਂ ਆਦਿ ਦੀ ਮੰਗਕਰਨੀ।ਇਸ ਬਾਰੇ ਵੀ ਆਪਾਂ ਉੱਪਰ ਗੱਲ ਕੀਤੀ ਹੈ ਕਿ ਇਹਅਧਿਕਾਰ ਵੀ ਔਰਤਾਂ ਦੀ ਨਿਗੂਣੀ ਜਿਹੀ ਗਿਣਤੀ ਕੋਲ ਹਨ।ਇਸ ਵਿਚਾਰਧਾਰਾ ਦੀ ਤੀਜੀ ਘਾਟ ਇਹ ਹੈ ਕਿ ਇਸ ਨੇ ਲਿੰਗਕਵੰਡ ਨੂੰ ਜਮਾਤੀ ਵੰਡ ਨਾਲੋਂ ਪ੍ਰਮੁੱਖ ਮੰਨਿਆ ਹੈ। ਜਦ ਕਿ ਮਨੁੱਖਤਾ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਔਰਤਾਂ ਹਮੇਸ਼ਾਂ ਤੋਂ ਗੁਲਾਮ ਨਹੀਂ ਸਨ।ਜਿਸ ਦਾ ਜ਼ਿਕਰ ਅਸੀਂ ਉਪਰ ਕੀਤਾ ਹੈ। ਨਾਰੀਵਾਦ ਜਮਾਤੀ ਵੰਡ ਦੇ ਵਿਗਿਆਨਕ ਇਤਿਹਾਸ ਨੂੰ ਨਹੀਂ ਮੰਨਦਾ। ਅੱਜ ਨਾਰੀਵਾਦ ਇੱਕ ਫੈਸ਼ਨੇਬਲ ਵਿਚਾਰਧਾਰਾ ਬਣ ਕੇ ਰਹਿ ਗਿਆ ਹੈ।ਇਸ ਦੀ ਜ਼ਮੀਨੀ ਪੱਧਰ ਤੇ ਜਥੇਬੰਦਕ ਹੋਂਦ ਨਾਂਮਾਤਰ ਹੈ।ਲਿੰਗਕ ਪਛਾਣ ਦੀ ਵਿਚਾਰਧਾਰਾ ਅਕਾਦਮਿਕ ਵਿਚਾਰਧਾਰਾ ਜ਼ਿਆਦਾ ਹੈ ਜਾਂ ਕਹਿ ਲਵੋ ਸਾਮਰਾਜ ਦੁਆਰਾ ਬਣਾਈ ਗਈ ਹੈ।
ਔਰਤਾਂ ਨੂੰ ਵੋਟ, ਨੌਕਰੀ ਅਤੇ ਹੋਰ ਹੱਕ ਉਦੋਂ ਹੀ ਮਿਲੇ ਜਦੋਂ ਔਰਤਾਂ ਜਥੇਬੰਦ ਹੋ ਕੇ ਸੰਘਰਸ਼ ਦੇ ਰਾਹ ਪਈਆਂ।ਉਦੋਂ ਉਨ੍ਹਾਂ ਨੇ ਨਾ ਸਿਰਫ਼ ਮਜ਼ਦੂਰ ਦੇ ਤੌਰ ਤੇ ਬਲਕਿ ਔਰਤਾਂ ਦੀਆਂ ਵੱਖਰੀਆਂ ਮੰਗਾਂ ਲਈ ਵੀ ਸੰਘਰਸ਼ ਕੀਤੇ। ਅੱਜ ਔਰਤਾਂ ਸਮਾਜ ਦਾ ਸਭ ਤੋਂ ਪੀੜਤ ਹਿੱਸਾਹਨ।ਭਾਰਤ ਵਿਚ ਤਾਂ ਜਾਤ ਦਾ ਕੋਹੜ ਇਸ ਪੀੜਾ ਨੂੰ ਹੋਰ ਵੀ ਡੂੰਘਾ ਕਰ ਦਿੰਦਾ ਹੈ।ਇਸ ਲਈ ਸੰਘਰਸ਼ ਦੇ ਰਾਹ ਪੈ ਕੇ ਸਭ ਤੋਂ ਵੱਧ ਮੁਕਤੀ ਦੀ ਲੋੜ ਇਸ ਪੀੜਤ ਵਰਗ ਨੂੰ ਹੀ ਹੈ। ਇਸ ਲਈ ਔਰਤਾਂ ਦੀ ਮੁਕਤੀ ਦਾ ਰਾਹ ਦੋ ਪਹਿਲੂਆਂ ਨਾਲ ਜੁੜਿਆ ਹੋਇਆ ਹੈ। ਪਹਿਲਾਂ ਪੈਦਾਵਾਰ ਦੇ ਸਾਧਨਾਂ ਦੀ ਬਰਾਬਰ ਵੰਡ ਅਤੇ ਮਾਲਕੀ। ਜਿਸ ਤੇ ਅੱਜ ਵੱਡੇ ਜਗੀਰਦਾਰਾਂ, ਸਾਮਰਾਜੀ ਕਾਰਪੋਰੇਟ ਕੰਪਨੀਆਂ ਕਾਬਜ਼ ਹਨ। ਇਨ੍ਹਾਂ ਸਾਧਨਾਂ ਦੀ ਬਰਾਬਰ ਮਾਲਕੀ ਕਿਰਤ ਦੀ ਮੁਕਤੀ ਨਾਲ ਜੁੜੀ ਹੋਈ ਹੈ।ਔਰਤਾਂ ਦੀ ਮੁਕਤੀ ਦਾ ਦੂਜਾ ਆਧਾਰ ਸੱਭਿਆਚਾਰਕ ਹੈ ਜੋ ਪਿੱਤਰ ਸੱਤਾ ਦੇ ਰੂਪ ਵਿਚ ਨਾ ਸਿਰਫ਼ ਮਰਦਾਂਬਲਕਿ ਔਰਤਾਂ ਦੇ ਦਿਮਾਗ਼ਾਂ ਵਿਚ ਵੀ ਬਰਾਬਰ ਘਰ ਕਰੀ ਬੈਠਾ ਹੈ। ਸੋ ਇਹ ਸੱਭਿਆਚਾਰਕ ਲੜਾਈ ਇਕ ਲੰਬੀ ਪ੍ਰਕਿਰਿਆ ਦਾ ਹਿੱਸਾ ਹੈ। ਔਰਤਾਂ ਨੂੰ ਜਾਇਦਾਦ ਵਿਚ ਬਰਾਬਰ ਦਾ ਹੱਕ ਉਸ ਖ਼ਿਲਾਫ਼ ਪ੍ਰਚੱਲਿਤ ਰਸਮਾਂ-ਰਿਵਾਜਾਂ,ਪਾਬੰਦੀਆਂ ਕੰਮ ਵੰਡ (ਘਰੇਲੂ ਵੀਅਤੇਬਾਹਰੀ ਵੀ) ਵਿੱਚ ਬਦਲਾਓ, ਵੇਸ਼ਵਾਗਮਨੀ ਤੇ ਪੂਰਨ ਪਾਬੰਦੀ, ਗੰਦੇ ਗਾਣਿਆਂ/ਫਿਲਮਾਂ ਤੇ ਪੂਰਨ ਪਾਬੰਦੀ,ਕੰਮ, ਪੜ੍ਹਾਈ, ਨੌਕਰੀ ਆਦਿ ਵਿੱਚ ਅੱਗੇ ਵਧਣ ਦੇ ਬਰਾਬਰ ਦੇ ਮੌਕੇ ਇਸ ਸੋਚ ਨੂੰ ਬਦਲਣ ਵਿੱਚ ਸਹਾਈ ਹੋਣਗੇ।ਪਰ ਇਹ ਸਭ ਜਥੇਬੰਦ ਹੋ ਕੇ ਜਮਾਤੀ ਸੰਘਰਸ਼ ਬਿਨ੍ਹਾਂ ਸੰਭਵ ਨਹੀਂ।