ਲਖਨਊ,28 ਦਸੰਬਰ,ਦੇਸ਼ ਕਲਿਕ ਬਿਊਰੋ:
ਉੱਤਰ ਪ੍ਰਦੇਸ਼ ਦੇ ਮਊ ਜ਼ਿਲ੍ਹੇ ਵਿੱਚ ਝੌਂਪੜੀ ਨੂੰ ਅੱਗ ਲੱਗਣ ਕਾਰਨ ਇੱਕ ਵੱਡਾ ਹਾਦਸਾ ਵਾਪਰਿਆ। ਝੌਂਪੜੀ ਨੂੰ ਅੱਗ ਲੱਗਣ ਕਾਰਨ 5 ਲੋਕ ਜ਼ਿੰਦਾ ਜਲ਼ ਗਏ। ਮਰਨ ਵਾਲਿਆਂ ਵਿੱਚ 4 ਬੱਚੇ ਅਤੇ ਇੱਕ ਔਰਤ ਸ਼ਾਮਲ ਹੈ। ਦੱਸਿਆ ਜਾ ਰਿਹਾ ਹੈ ਕਿ ਖਾਣਾ ਖਾਣ ਤੋਂ ਬਾਅਦ ਸਾਰੇ ਸੌਂ ਰਹੇ ਸਨ। ਅਚਾਨਕ ਫੂਸ ਵਾਲੀ ਝੌਂਪੜੀ ਨੂੰ ਅੱਗ ਲੱਗ ਗਈ। ਪਿੰਡ ਵਾਸੀਆਂ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਪਰ ਅੱਗ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਪਿੰਡ ਵਾਸੀਆਂ ਨੇ ਘਟਨਾ ਦੀ ਸੂਚਨਾ ਪੁਲੀਸ ਨੂੰ ਦਿੱਤੀ। ਅੱਗ ਲੱਗਣ ਦੀ ਸੂਚਨਾ ਮਿਲਣ 'ਤੇ ਜ਼ਿਲ੍ਹਾ ਮੈਜਿਸਟਰੇਟ ਅਤੇ ਪੁਲਿਸ ਸੁਪਰਡੈਂਟ ਮੌਕੇ 'ਤੇ ਪਹੁੰਚੇ।ਘਟਨਾ ਮੰਗਲਵਾਰ ਰਾਤ ਕਰੀਬ 10 ਵਜੇ ਕੋਪਗੰਜ ਥਾਣੇ ਦੇ ਸ਼ਾਹਪੁਰ ਪਿੰਡ ਦੀ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਗੁੱਡੀ ਰਾਜਭਰ ਆਪਣੇ ਤਿੰਨ ਬੱਚਿਆਂ ਅਭਿਸ਼ੇਕ (12), ਦਿਨੇਸ਼ (10), ਅੰਜੇਸ਼ (6) ਨਾਲ ਪਿਛਲੇ 5 ਸਾਲਾਂ ਤੋਂ ਆਪਣੇ ਪੇਕੇ ਘਰ ਰਹਿ ਰਹੀ ਸੀ। ਕੁਝ ਦਿਨ ਪਹਿਲਾਂ ਤੋਂ ਉਸ ਦੀ ਭੈਣ ਦੀ ਇੱਕ ਧੀ ਚਾਂਦਨੀ ਉਮਰ 14 ਸਾਲ ਵੀ ਉਸ ਦੇ ਨਾਲ ਇੱਥੇ ਰਹਿ ਰਹੀ ਸੀ। ਰਾਤ ਦਾ ਖਾਣਾ ਖਾ ਕੇ ਸਾਰੇ ਸੌਂ ਰਹੇ ਸਨ। ਅੱਗ ਕਿਵੇਂ ਲੱਗੀ ਇਸ ਬਾਰੇ ਕੋਈ ਨਹੀਂ ਦੱਸ ਸਕਿਆ।