ਅਮਰਾਵਤੀ,27 ਦਸੰਬਰ,ਦੇਸ਼ ਕਲਿਕ ਬਿਊਰੋ:
ਆਂਧਰਾ ਪ੍ਰਦੇਸ਼ ਦੇ ਅਨਾਕਪਲੀ ਵਿਖੇ ਸਥਿਤ ਇਕ ਫਾਰਮਾਸਿਊਟੀਕਲ ਕੰਪਨੀ 'ਚ ਸੋਮਵਾਰ ਰਾਤ ਅੱਗ ਲੱਗ ਗਈ। ਦੱਸਿਆ ਗਿਆ ਹੈ ਕਿ ਇਹ ਅੱਗ ਪ੍ਰਵਾਦਾ ਲੌਰਸ ਫਾਰਮਾ ਲੈਬਜ਼ ਲਿਮਟਿਡ ਕੰਪਨੀ ਦੀ ਲੈਬਾਰਟਰੀ ਵਿੱਚ ਲੱਗੀ। ਇਸ ਅੱਗ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।ਪੁਲਸ ਮੁਤਾਬਕ ਜ਼ਖਮੀ ਨੂੰ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਕੰਪਨੀ ਦੀ ਇਮਾਰਤ ਵਿੱਚ ਰੱਖ-ਰਖਾਅ ਦਾ ਕੰਮ ਚੱਲ ਰਿਹਾ ਸੀ। ਸੂਬੇ ਦੇ ਉਦਯੋਗ ਮੰਤਰੀ ਅਮਰਨਾਥ ਨੇ ਕਿਹਾ ਕਿ ਜ਼ਖਮੀ ਵਿਅਕਤੀ ਦਾ ਇਲਾਜ ਚੱਲ ਰਿਹਾ ਹੈ ਅਤੇ ਉਨ੍ਹਾਂ ਨੇ ਮੁੱਖ ਮੰਤਰੀ ਜਗਨਮੋਹਨ ਰੈਡੀ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਹੈ।ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਲਈ 25 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਜ਼ਖ਼ਮੀ ਵਿਅਕਤੀ ਦੇ ਇਲਾਜ ਅਤੇ ਉਸ ਦੀ ਮਾਲੀ ਮਦਦ ਲਈ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ। ਸਰਕਾਰ ਨੇ ਇਸ ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ।