ਨਵੀਂ ਦਿੱਲੀ,24 ਦਸੰਬਰ,ਦੇਸ਼ ਕਲਿਕ ਬਿਊਰੋ:
ਤਿੰਨ ਹਜ਼ਾਰ ਕਿਲੋਮੀਟਰ ਦੀ ਦੂਰੀ ਤੈਅ ਕਰਨ ਤੋਂ ਬਾਅਦ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਸ਼ਨੀਵਾਰ ਸਵੇਰੇ ਬਦਰਪੁਰ ਬਾਰਡਰ ਤੋਂ ਦਿੱਲੀ 'ਚ ਦਾਖਲ ਹੋਈ। ਰਾਹੁਲ ਦਾ ਕਾਫਲਾ ਇੰਡੀਆ ਗੇਟ ਤੋਂ ਵੀ ਗੁਜ਼ਰੇਗਾ। ਦਿੱਲੀ ਦੇ ਸੱਤ ਸੰਸਦੀ ਹਲਕਿਆਂ 'ਚ ਵੱਖ-ਵੱਖ ਹਲਕਿਆਂ 'ਚ ਪੜਾਅ ਹੋਵੇਗਾ। ਉਨ੍ਹਾਂ ਦੀ ਕਮਾਨ ਸਾਬਕਾ ਸਥਾਨਕ ਸੰਸਦ ਮੈਂਬਰਾਂ ਜਾਂ ਉਮੀਦਵਾਰਾਂ ਨੂੰ ਸੌਂਪੀ ਗਈ ਹੈ।ਪਾਰਟੀ ਦੇ ਚੋਟੀ ਦੇ ਆਗੂ, ਕਲਾਕਾਰ, ਖਿਡਾਰੀ, ਨੌਜਵਾਨਾਂ ਦੇ ਨਾਲ-ਨਾਲ ਹਰ ਵਰਗ ਅਤੇ ਭਾਈਚਾਰਿਆਂ ਦੇ ਲੋਕ ਅਤੇ ਹਜ਼ਾਰਾਂ ਪਾਰਟੀ ਵਰਕਰ ਵੀ ਯਾਤਰਾ ਵਿੱਚ ਸ਼ਾਮਲ ਹੋਣਗੇ। ਹਜ਼ਾਰਾਂ ਯਾਤਰਾ ਪਾਸ ਜਾਰੀ ਕੀਤੇ ਗਏ ਹਨ। ਇਸ ਯਾਤਰਾ ਵਿੱਚ 50 ਹਜ਼ਾਰ ਤੋਂ ਵੱਧ ਲੋਕਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਇਹ ਯਾਤਰਾ ਸਵੇਰੇ 10:30 ਵਜੇ ਆਸ਼ਰਮ ਚੌਕ ਨੇੜੇ ਪਹੁੰਚੇਗੀ ਅਤੇ ਸ਼ਾਮ 4:30 ਵਜੇ ਲਾਲ ਕਿਲੇ 'ਤੇ ਸਮਾਪਤ ਹੋਵੇਗੀ। ਯਾਤਰਾ ਕਾਰਨ ਕਈ ਥਾਵਾਂ ’ਤੇ ਜਾਮ ਲੱਗਣ ਦੀ ਸੰਭਾਵਨਾ ਹੈ। ਇਸ ਦੇ ਮੱਦੇਨਜ਼ਰ ਦਿੱਲੀ ਪੁਲਿਸ ਨੇ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ।