ਗੰਗਟੋਕ, 23 ਦਸੰਬਰ ਦੇਸ਼ ਕਲਿੱਕ ਬਿਓਰੋ-
ਭਾਰਤ-ਚੀਨ ਸਰਹੱਦ ਨੇੜੇ ਉੱਤਰੀ ਸਿੱਕਮ ਵਿੱਚ ਇੱਕ ਵਾਹਨ ਸੜਕ ਤੋਂ ਫਿਸਲ ਕੇ ਖੱਡ ਵਿੱਚ ਡਿੱਗਣ ਕਾਰਨ ਫੌਜ ਦੇ 16 ਜਵਾਨਾਂ ਦੀ ਮੌਤ ਹੋ ਗਈ ਅਤੇ ਚਾਰ ਜ਼ਖ਼ਮੀ ਹੋ ਗਏ।
ਇੱਕ ਸੀਨੀਅਰ ਪੁਲਿਸ ਅਧਿਕਾਰੀ ਦੇ ਅਨੁਸਾਰ, ਜ਼ਖਮੀਆਂ ਨੂੰ ਉੱਤਰੀ ਬੰਗਾਲ ਦੇ ਇੱਕ ਆਰਮੀ ਹਸਪਤਾਲ ਵਿੱਚ ਏਅਰਲਿਫਟ ਕੀਤਾ ਗਿਆ ਹੈ।
ਇਹ ਹਾਦਸਾ ਸੂਬੇ ਦੀ ਰਾਜਧਾਨੀ ਗੰਗਟੋਕ ਤੋਂ ਲਗਭਗ 130 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਲਾਚੇਨ ਤੋਂ ਲਗਭਗ 15 ਕਿਲੋਮੀਟਰ ਦੂਰ ਜ਼ੇਮਾ 3 'ਤੇ ਸਵੇਰੇ 8 ਵਜੇ ਦੇ ਕਰੀਬ ਵਾਪਰਿਆ।
ਪੁਲਿਸ ਅਧਿਕਾਰੀ ਅਰੁਣ ਥਟਲ ਨੇ ਦੱਸਿਆ ਕਿ ਫੌਜ ਦਾ ਵਾਹਨ 20 ਸਵਾਰੀਆਂ ਨਾਲ ਸਰਹੱਦੀ ਚੌਕੀਆਂ ਵੱਲ ਜਾ ਰਿਹਾ ਸੀ।
ਹਾਦਸੇ ਵਾਲੀ ਥਾਂ ਤੋਂ ਸਾਰੀਆਂ 16 ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਲਾਚੇਨ ਤੋਂ
ਲਾਸ਼ਾਂ ਨੂੰ ਪੋਸਟਮਾਰਟਮ ਲਈ ਗੰਗਟੋਕ ਦੇ ਸਰਕਾਰੀ ਐਸਟੀਐਨਐਮ ਹਸਪਤਾਲ ਲਿਜਾਇਆ ਜਾ ਰਿਹਾ ਹੈ ਅਤੇ ਬਾਅਦ ਵਿੱਚ ਫੌਜ ਨੂੰ ਸੌਂਪ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੀੜਤਾਂ ਦੀ ਰੈਜੀਮੈਂਟ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਪੁਲਸ ਮੁਤਾਬਕ ਫੌਜ ਦੀ ਗੱਡੀ ਰਸਤੇ 'ਚ ਫੌਜ ਦੇ ਜਵਾਨਾਂ ਨੂੰ ਚੁੱਕ ਕੇ ਆਪਣੀ ਮੰਜ਼ਿਲ ਵੱਲ ਜਾ ਰਹੀ ਸੀ।