ਨਵੀਂ ਦਿੱਲੀ, 22 ਦਸੰਬਰ, ਦੇਸ਼ ਕਲਿਕ ਬਿਊਰੋ :
ਭਾਰਤ ਵਿੱਚ ਇੱਕ ਵਾਰ ਫਿਰ ਕੋਰੋਨਾ ਦਾ ਖ਼ਤਰਾ ਮੰਡਰਾ ਰਿਹਾ ਹੈ।ਬੁੱਧਵਾਰ ਨੂੰ ਕੇਂਦਰੀ ਸਿਹਤ ਮੰਤਰੀ ਡਾਕਟਰ ਮਨਸੁਖ ਮੰਡਾਵੀਆ ਨੇ ਸੀਨੀਅਰ ਅਧਿਕਾਰੀਆਂ ਅਤੇ ਮਾਹਿਰਾਂ ਨਾਲ ਮੀਟਿੰਗ ਕੀਤੀ। ਜਿਸ 'ਚ ਉਨ੍ਹਾਂ ਕਿਹਾ ਕਿ ਕੋਰੋਨਾ ਅਜੇ ਖਤਮ ਨਹੀਂ ਹੋਇਆ ਹੈ।ਦੂਜੇ ਪਾਸੇ ਪ੍ਰਧਾਨ ਮੰਤਰੀ ਮੋਦੀ ਅੱਜ ਦੁਪਹਿਰ ਨੂੰ ਕੋਰੋਨਾ ਨੂੰ ਲੈ ਕੇ ਸਮੀਖਿਆ ਬੈਠਕ ਕਰਨਗੇ। ਇਸ ਤੋਂ ਇਲਾਵਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਵੀਰਵਾਰ ਨੂੰ ਅਧਿਕਾਰੀਆਂ ਅਤੇ ਮੰਤਰੀਆਂ ਦੀ ਹੰਗਾਮੀ ਮੀਟਿੰਗ ਬੁਲਾਈ ਹੈ। ਦੂਜੇ ਪਾਸੇ ਯੂਪੀ ਦੇ ਸੀਐਮ ਯੋਗੀ ਨੇ ਵੀ ਕੋਰੋਨਾ ਨੂੰ ਲੈ ਕੇ ਉੱਚ ਪੱਧਰੀ ਮੀਟਿੰਗ ਬੁਲਾਈ ਹੈ।ਦੱਸ ਦੇਈਏ ਕਿ ਚੀਨ ਵਿੱਚ ਕੋਰੋਨਾ ਦੀ ਵਿਗੜਦੀ ਸਥਿਤੀ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਸਾਰੇ ਰਾਜਾਂ ਨੂੰ ਪੱਤਰ ਲਿਖਿਆ ਸੀ। ਕਿਹਾ ਗਿਆ ਸੀ ਕਿ ਸਾਰੇ ਪਾਜ਼ੇਟਿਵ ਕੇਸਾਂ ਦੇ ਸੈਂਪਲ ਜੀਨੋਮ ਸੀਕਵੈਂਸਿੰਗ ਲਈ ਭੇਜੇ ਜਾਣ, ਤਾਂ ਜੋ ਕੋਰੋਨਾ ਦੇ ਨਵੇਂ ਰੂਪਾਂ ਦਾ ਪਤਾ ਲਗਾਇਆ ਜਾ ਸਕੇ।ਬੁੱਧਵਾਰ ਨੂੰ ਸਿਹਤ ਮੰਤਰਾਲੇ ਦੀ ਉੱਚ ਪੱਧਰੀ ਮੀਟਿੰਗ ਵਿੱਚ ਮੰਡਾਵੀਆ ਨੇ ਕਿਹਾ ਕਿ ਕੋਰੋਨਾ ਅਜੇ ਖਤਮ ਨਹੀਂ ਹੋਇਆ ਹੈ, ਪਰ ਭਾਰਤ ਹਰ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ। ਅਸੀਂ ਸਾਰੇ ਸਬੰਧਤ ਲੋਕਾਂ ਨੂੰ ਚੌਕਸ ਰਹਿਣ ਅਤੇ ਚੌਕਸੀ ਵਧਾਉਣ ਲਈ ਕਿਹਾ ਹੈ।