ਇੰਫਾਲ, 21 ਦਸੰਬਰ , ਦੇਸ਼ ਕਲਿੱਕ ਬਿਓਰੋ
ਮਣੀਪੁਰ ਦੇ ਨੋਨੀ ਜ਼ਿਲੇ 'ਚ ਬੁੱਧਵਾਰ ਨੂੰ ਇਕ ਸਕੂਲੀ ਬੱਸ ਪਲਟਣ ਕਾਰਨ ਘੱਟੋ-ਘੱਟ 7 ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ 18 ਤੋਂ ਵੱਧ ਜ਼ਖਮੀ ਹੋ ਗਏ, ਜਿਨ੍ਹਾਂ 'ਚੋਂ ਕਈਆਂ ਦੀ ਹਾਲਤ ਗੰਭੀਰ ਹੈ।
ਪਹਾੜੀ ਜ਼ਿਲ੍ਹੇ ਦੇ ਲੋਂਗਸਾਈ ਇਲਾਕੇ ਦੇ ਕੋਲ ਪੁਰਾਣੀ ਕਛਰ ਰੋਡ 'ਤੇ ਮੋੜ 'ਤੇ ਵਿਦਿਆਰਥੀਆਂ ਨੂੰ ਲੈ ਕੇ ਜਾ ਰਹੀ ਬੱਸ ਅਚਾਨਕ ਪਲਟ ਗਈ, ਜਿਸ ਕਾਰਨ ਘੱਟੋ-ਘੱਟ ਪੰਜ ਵਿਦਿਆਰਥੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 20 ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਦੋ ਹੋਰ ਵਿਦਿਆਰਥੀਆਂ ਨੇ ਦਮ ਤੋੜ ਦਿੱਤਾ।
ਮਰਨ ਵਾਲਿਆਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ ਕਿਉਂਕਿ ਕਈ ਵਿਦਿਆਰਥੀਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਹਾਦਸੇ ਵਾਲੀ ਥਾਂ ਰਾਜ ਦੀ ਰਾਜਧਾਨੀ ਇੰਫਾਲ ਤੋਂ ਕਰੀਬ 55 ਕਿਲੋਮੀਟਰ ਦੂਰ ਹੈ।
ਪੁਲਸ ਨੇ ਦੱਸਿਆ ਕਿ ਥੰਬਲਨੂ ਹਾਇਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਦੋ ਬੱਸਾਂ 'ਚ ਨੋਨੀ ਜ਼ਿਲੇ ਦੇ ਖੂਪੁਮ ਲਈ ਸਾਲਾਨਾ ਸਕੂਲ ਅਧਿਐਨ ਦੌਰੇ 'ਤੇ ਗਏ ਸਨ। ਜਿਸ ਬੱਸ ਵਿੱਚ ਵਿਦਿਆਰਥਣਾਂ ਸਵਾਰ ਸਨ, ਉਹ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ।
ਮਨੀਪੁਰ ਦੇ ਮੁੱਖ ਮੰਤਰੀ ਐਨ ਬੀਰੇਨ ਸਿੰਘ ਨੇ ਇਸ ਹਾਦਸੇ 'ਤੇ ਦੁੱਖ ਪ੍ਰਗਟ ਕਰਦੇ ਹੋਏ ਟਵੀਟ ਕੀਤਾ: *ਅੱਜ ਪੁਰਾਣੀ ਕੱਛਰ ਰੋਡ 'ਤੇ ਸਕੂਲੀ ਬੱਚਿਆਂ ਨੂੰ ਲੈ ਕੇ ਜਾ ਰਹੀ ਬੱਸ ਦੇ ਹਾਦਸੇ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ।(ਆਈਏਐਨਐਸ)