ਨਵੀਂ ਦਿੱਲੀ, 19 ਦਸੰਬਰ, ਦੇਸ਼ ਕਲਿੱਕ ਬਿਓਰੋ :
ਕਾਂਗਰਸ ਪਾਰਟੀ ਵਿੱਚ ਪਿਛਲੇ ਲੰਬੇ ਸਮੇਂ ਤੋਂ ਚਲਦਾ ਆ ਰਿਹਾ ਆਪਸੀ ਕਲੇਸ਼ ਰੁਕਣ ਦਾ ਨਾਮ ਨਹੀਂ ਲੈ ਰਿਹਾ। ਕਾਂਗਰਸ ਹਾਈਕਮਾਂਡ ਭਾਵੇਂ ਦੇਸ਼ ਭਰ ਵਿੱਚ ਇਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਪ੍ਰੰਤੂ ਹੇਠਾਂ ਤੋਂ ਲੈ ਕੇ ਉਪਰ ਤੱਕ ਪਾਰਟੀ ਦੇ ਅੰਦਰੂਨੀ ਕਲੇਸ਼ ਦੇ ਚਲਦਿਆਂ ਵੱਖ ਵੱਖ ਸੂਬਿਆਂ ਦੇ ਆਗੂ ਅਹੁੱਦਿਆਂ ਤੋਂ ਅਸਤੀਫਾ ਦੇ ਰਹੇ ਹਨ। ਕਾਂਗਰਸ ਪਾਰਟੀ ਵੱਲੋਂ ਤੇਲੰਗਾਨਾ ਵਿੱਚ ਹੁਣੇ ਹੀ ਗਠਿਤ ਕੀਤੀ ਪ੍ਰਦੇਸ਼ ਕਾਂਗਰਸ ਕਮੇਟੀ ਦੇ 12 ਮੈਂਬਰਾਂ ਨੇ ਅਹੁੱਦੇ ਤੋਂ ਅਸਤੀਫਾ ਦੇ ਦਿੱਤਾ। ਪਾਰਟੀ ਦੇ ਮੈਂਬਰਾਂ ਵੱਲੋਂ ਦਿੱਤੇ ਗਏ ਅਸਤੀਫੇ ਵਿੱਚ ਪਾਰਟੀ ਆਗੂਆਂ ਉਤੇ ਸਥਾਨਕ ਆਗੂਆਂ ਨੂੰ ਅੱਖੋ ਪਰੋਖੇ ਕਰਨ ਦੇ ਦੋਸ਼ ਲਗਾਏ ਗਏ ਹਨ। ਉਤਮ ਕੁਮਾਰ ਵੱਲੋਂ ਦੋਸ਼ ਲਗਾਇਆ ਗਿਆ ਹੈ ਕਿ ਪੀਸੀਸੀ ਦੇ 50 ਫੀਸਦੀ ਤੋਂ ਜ਼ਿਆਦਾ ਮੈਂਬਰ ਅਜਿਹੇ ਆਗੂ ਹਨ ਜੋ ਹੁਣੇ ਹੀ ਟੀਡੀਪੀ ਨਾਲ ਜੁੜੇ ਸਨ। ਇਸ ਨਾਲ ਪਾਰਟੀ ਲਈ ਬੀਤੇ 6 ਸਾਲ ਤੋਂ ਕੰਮ ਕਰ ਰਹੇ ਆਗੂਆਂ ਨਰਾਸ਼ ਹੋਏ ਹਨ। ਪੱਤਰ ਵਿੱਚ ਕਿਹਾ ਗਿਆ ਹੈ ਕਿ ਤੇਲੰਗਾਨਾ ਵਿੱਚ ਕੇਸੀਆਰ ਤਾਨਾਸ਼ਾਹੀ ਸ਼ਾਸਨ ਚਲਾ ਰਹੇ ਹਨ। ਕੇਸੀਆਰ ਨੂੰ ਸੱਤਾ ਤੋਂ ਬਾਹਰ ਕਰਨ ਲਈ ਸਖਤ ਸੰਘਰਸ਼ ਦੀ ਲੋੜ ਹੈ।