ਅੰਮ੍ਰਿਤਸਰ,18 ਦਸੰਬਰ,ਦੇਸ਼ ਕਲਿਕ ਬਿਊਰੋ:
ਪੰਜਾਬ ਸਰਹੱਦ 'ਤੇ ਧੁੰਦ ਦਾ ਫਾਇਦਾ ਉਠਾਉਂਦੇ ਹੋਏ ਪਾਕਿਸਤਾਨੀ ਤਸਕਰ ਲਗਾਤਾਰ ਆਪਣੀਆਂ ਨਾਪਾਕ ਕੋਸ਼ਿਸ਼ਾਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਸ਼ਨੀਵਾਰ ਨੂੰ ਵੀ ਗੁਰਦਾਸਪੁਰ ਸੈਕਟਰ ਵਿੱਚ ਡਰੋਨ ਮੂਵਮੈਂਟ ਹੋਈ। ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਜਵਾਨਾਂ ਨੇ ਗੋਲੀਬਾਰੀ ਕੀਤੀ ਅਤੇ ਡਰੋਨ ਨੂੰ ਖਦੇੜ ਦਿੱਤਾ। ਜਿਸ ਤੋਂ ਬਾਅਦ ਇਲਾਕੇ 'ਚ ਤਲਾਸ਼ੀ ਮੁਹਿੰਮ ਵੀ ਚਲਾਈ ਗਈ।ਜਾਣਕਾਰੀ ਅਨੁਸਾਰ ਸ਼ਨੀਵਾਰ ਰਾਤ ਕਰੀਬ 11.30 ਵਜੇ ਗੁਰਦਾਸਪੁਰ ਸੈਕਟਰ ਅਧੀਨ ਪੈਂਦੇ ਬੀਓਪੀ ਚੰਦੂਵਡਾਲਾ ਵਿਖੇ ਡਰੋਨ ਦੀ ਹਰਕਤ ਦੇਖੀ ਗਈ। ਬਟਾਲੀਅਨ 89 ਦੇ ਜਵਾਨ ਗਸ਼ਤ 'ਤੇ ਸਨ। ਡਰੋਨ ਦੀ ਆਵਾਜ਼ ਸੁਣਦੇ ਹੀ ਜਵਾਨਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਵਾਨਾਂ ਨੇ ਕਰੀਬ 40 ਰਾਊਂਡ ਫਾਇਰ ਕੀਤੇ। ਇੰਨਾ ਹੀ ਨਹੀਂ ਡਰੋਨ ਦੀ ਹਰਕਤ ਜਾਣਨ ਲਈ 6 ਰੌਸ਼ਨੀ ਬੰਬ ਵੀ ਸੁੱਟੇ ਗਏ। ਜਿਸ ਤੋਂ ਬਾਅਦ ਸੀਨੀਅਰ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਦਿੱਤੀ ਗਈ।