ਨਵੀਂ ਦਿੱਲੀ,17 ਦਸੰਬਰ,ਦੇਸ਼ ਕਲਿਕ ਬਿਊਰੋ:
ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਸ਼ੁੱਕਰਵਾਰ ਨੂੰ ਵੀਜ਼ਾ ਧੋਖਾਧੜੀ ਦੇ ਦੋਸ਼ ਵਿੱਚ ਨਵੀਂ ਦਿੱਲੀ ਵਿੱਚ ਫਰਾਂਸੀਸੀ ਦੂਤਾਵਾਸ ਦੇ ਵੀਜ਼ਾ ਵਿਭਾਗ ਦੇ ਦੋ ਕਰਮਚਾਰੀਆਂ ਸਮੇਤ ਛੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਸ਼ੁਭਮ ਸ਼ੌਕੀਨ, ਆਰਤੀ ਮੰਡਲ, ਨਵਜੋਤ ਸਿੰਘ, ਚੇਤਨ ਸ਼ਰਮਾ, ਸਤਵਿੰਦਰ ਸਿੰਘ ਪੁਰੇਵਾਲ, ਮਨਪ੍ਰੀਤ ਸਿੰਘ ਆਦਿ ਵਜੋਂ ਹੋਈ ਹੈ। ਸ਼ੁਭਮ ਅਤੇ ਆਰਤੀ ਨਵੀਂ ਦਿੱਲੀ ਸਥਿਤ ਫਰਾਂਸੀਸੀ ਦੂਤਾਵਾਸ ਦੇ ਵੀਜ਼ਾ ਵਿਭਾਗ ਵਿੱਚ ਕੰਮ ਕਰਦੇ ਸਨ।ਦੋਸ਼ ਹੈ ਕਿ ਦੋਵਾਂ ਨੇ ਹੋਰਨਾਂ ਨਾਲ ਮਿਲ ਕੇ ਇਸ ਸਾਲ 1 ਜਨਵਰੀ ਤੋਂ 6 ਮਈ ਤੱਕ ਵੀਜ਼ਾ ਧੋਖਾਧੜੀ ਨੂੰ ਅੰਜਾਮ ਦਿੱਤਾ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਪੰਜ ਮਹੀਨਿਆਂ ਵਿੱਚ ਦੋਵਾਂ ਨੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਪੰਜਾਬ ਅਤੇ ਜੰਮੂ ਦੇ ਕਈ ਬਿਨੈਕਾਰਾਂ ਨੂੰ ਫਰਾਂਸ ਦੇ ਵੀਜ਼ੇ ਜਾਰੀ ਕੀਤੇ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਪੰਜਾਬ ਦੇ ਨੌਜਵਾਨ ਕਿਸਾਨ ਜਾਂ ਬੇਰੁਜ਼ਗਾਰ ਹਨ ਜਿਨ੍ਹਾਂ ਨੇ ਪਹਿਲਾਂ ਯਾਤਰਾ ਨਹੀਂ ਕੀਤੀ।