ਲਖੀਮਪੁਰ ਖੇੜੀ, 11 ਦਸੰਬਰ, ਦੇਸ਼ ਕਲਿਕ ਬਿਊਰੋ:
ਯੂਪੀ ਦੇ ਚਰਚਿਤ ਲਖੀਮਪੁਰ ਖੇੜੀ ਹਿੰਸਾ ਮਾਮਲੇ ਦੇ ਮੁੱਖ ਗਵਾਹ ਪ੍ਰਭਜੋਤ ਸਿੰਘ ਦੇ ਛੋਟੇ ਭਰਾ ਸਰਵਜੀਤ ਸਿੰਘ 'ਤੇ ਸ਼ਨੀਵਾਰ ਰਾਤ ਨੂੰ ਤਲਵਾਰ ਨਾਲ ਹਮਲਾ ਕੀਤਾ ਗਿਆ। ਹਮਲੇ 'ਚ ਸਰਵਜੀਤ ਦੇ ਸਿਰ 'ਤੇ ਗੰਭੀਰ ਸੱਟ ਲੱਗੀ ਹੈ।ਪੀੜਤ ਨੇ ਹਮਲੇ ਦਾ ਇਲਜ਼ਾਮ ਆਸ਼ੀਸ਼ ਮਿਸ਼ਰਾ ਉਰਫ ਮੋਨੂੰ ਅਤੇ ਉਸ ਦੇ ਕਰੀਬੀਆਂ 'ਤੇ ਹੈ। ਹਮਲੇ ਸਬੰਧੀ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਭਰਾ ਸਰਵਜੀਤ ਨਾਲ ਮੁੰਡਨ ਪ੍ਰੋਗਰਾਮ ਲਈ ਤਿਕੂਨੀਆ ਗਿਆ ਸੀ ਤਾਂ ਮੌਕੇ 'ਤੇ ਮੌਜੂਦ ਤਿੰਨ ਵਿਅਕਤੀਆਂ ਨੇ ਪਿੱਛੇ ਤੋਂ ਤਲਵਾਰ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਸਰਵਜੀਤ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ ਹੈ। ਉਸ ਦੇ ਸਿਰ ਵਿੱਚ ਕਈ ਟਾਂਕੇ ਲੱਗੇ ਹਨ।ਪ੍ਰਭਜੋਤ ਸਿੰਘ ਦਾ ਦਾਅਵਾ ਹੈ ਕਿ ਇਹ ਹਮਲਾ ਲਖੀਮਪੁਰ ਖੇੜੀ ਕਾਂਡ ਦੇ ਮੁੱਖ ਮੁਲਜ਼ਮ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੇਨੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਦੇ ਕਰੀਬੀ ਸਾਥੀਆਂ ਨੇ ਕੀਤਾ ਹੈ। ਪ੍ਰਭਜੋਤ ਨੇ ਇਸ ਹਮਲੇ ਦੀ ਸ਼ਿਕਾਇਤ ਤਿਕੂਨੀਆ ਥਾਣੇ 'ਚ ਕੀਤੀ ਹੈ। ਇਸ ਵਿੱਚ ਆਸ਼ੀਸ਼ ਮਿਸ਼ਰਾ ਦਾ ਨਾਮ ਵੀ ਲਿਖਿਆ ਹੋਇਆ ਹੈ। ਪ੍ਰਭਜੋਤ ਦਾ ਕਹਿਣਾ ਹੈ ਕਿ ਪੁਲਸ ਸਾਡੇ 'ਤੇ ਆਸ਼ੀਸ਼ ਮਿਸ਼ਰਾ ਦਾ ਨਾਂ ਹਟਾਉਣ ਲਈ ਦਬਾਅ ਪਾ ਰਹੀ ਹੈ। ਇਸ ਦੇ ਨਾਲ ਹੀ ਪੁਲਿਸ ਖੁਦ 'ਤੇ ਦਬਾਅ ਹੋਣ ਦੀ ਗੱਲ ਵੀ ਕਹਿ ਰਹੀ ਹੈ ਪਰ ਮੈਂ ਆਪਣੀ ਸ਼ਿਕਾਇਤ 'ਚੋਂ ਆਸ਼ੀਸ਼ ਮਿਸ਼ਰਾ ਦਾ ਨਾਂ ਨਹੀਂ ਹਟਾਵਾਂਗਾ, ਜੋ ਸੱਚ ਹੋਵੇਗਾ ਉਹ ਲਿਖਾਂਵਾਂਗੇ।