ਨਵੀਂ ਦਿੱਲੀ, 10 ਦਸੰਬਰ, ਦੇਸ਼ ਕਲਿਕ ਬਿਊਰੋ:
ਆਮ ਆਦਮੀ ਪਾਰਟੀ (ਆਪ) ‘ਚ ਸ਼ਾਮਲ ਹੋਣ ਤੋਂ ਕੁਝ ਘੰਟਿਆਂ ਬਾਅਦ ਹੀ ਦਿੱਲੀ ਕਾਂਗਰਸ ਦੇ ਮੀਤ ਪ੍ਰਧਾਨ ਅਲੀ ਮੇਹਦੀ ਅਤੇ ਦੋ ਨਵੇਂ ਚੁਣੇ ਗਏ ਕੌਂਸਲਰ ਪਾਰਟੀ ਵਿੱਚ ਵਾਪਸ ਆ ਗਏ ਹਨ। ਮੇਹਦੀ ਨੇ ਅੱਜ ਸ਼ਨੀਵਾਰ ਸਵੇਰੇ ਵੀਡੀਓ ਜਾਰੀ ਕਰਕੇ ਇਸ ਦੀ ਜਾਣਕਾਰੀ ਦਿੱਤੀ। ਇਹ ਕਾਂਗਰਸੀ ਆਗੂ 9 ਦਸੰਬਰ ਨੂੰ ‘ਆਪ’ ਵਿੱਚ ਸ਼ਾਮਲ ਹੋਏ ਸਨ। ਇਸ ਤੋਂ ਬਾਅਦ ਐਮਸੀਡੀ ਵਿੱਚ ਆਮ ਆਦਮੀ ਪਾਰਟੀ ਦੀਆਂ ਸੀਟਾਂ 134 ਤੋਂ ਵੱਧ ਕੇ 136 ਹੋ ਗਈਆਂ ਸਨ। ਹਾਲਾਂਕਿ ਆਗੂਆਂ ਦੇ ਹਟਣ ਤੋਂ ਬਾਅਦ ਪਾਰਟੀ ਦੀਆਂ ਸੀਟਾਂ ਮੁੜ 134 ਰਹਿ ਗਈਆਂ ਹਨ।ਅਲੀ ਮੇਹਦੀ ਨੇ ਟਵੀਟ ਕੀਤਾ ਕਿ ਮੈਂ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਦਾ ਵਰਕਰ ਸੀ ਅਤੇ ਰਹਾਂਗਾ। ਮੈਂ ਬਹੁਤ ਵੱਡੀ ਗਲਤੀ ਕੀਤੀ ਹੈ। ਮੈਂ ਰਾਹੁਲ, ਪ੍ਰਿਅੰਕਾ, ਇਲਾਕੇ ਦੇ ਲੋਕਾਂ ਅਤੇ ਕਾਂਗਰਸ ਪਾਰਟੀ ਤੋਂ ਮੁਆਫੀ ਮੰਗਦਾ ਹਾਂ। ਕਾਂਗਰਸ ਪਾਰਟੀ ਮੇਰੇ ਦਿਲ ਵਿੱਚ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੁਸਤਫਾਬਾਦ ਤੋਂ ਕੌਂਸਲਰ ਸਬੀਲਾ ਬੇਗਮ ਅਤੇ ਬ੍ਰਿਜਪੁਰੀ ਤੋਂ ਨਾਜ਼ੀਆ ਖਾਤੂਨ, ਜੋ ਉਨ੍ਹਾਂ ਨਾਲ ‘ਆਪ’ ਵਿੱਚ ਸ਼ਾਮਲ ਹੋਈਆਂ ਸਨ, ਵੀ ਕਾਂਗਰਸ ਵਿੱਚ ਵਾਪਸ ਆ ਗਈਆਂ ਹਨ।