-ਇਸ ਵਾਰ ਗੁਜਰਾਤ ਵਿੱਚ ਨੇਤਾ ਲੋਕ ਹਾਰ ਜਾਣਗੇ ਅਤੇ ਜਨਤਾ ਜਿੱਤੇਗੀ: ਮੁੱਖ ਮੰਤਰੀ ਮਾਨ
ਹੁਣ ਭਾਜਪਾ ਦੇ ਚੱਕਰ ਵਿੱਚ ਨਹੀਂ ਫਸਣਗੇ ਗੁਜਰਾਤ ਦੇ ਲੋਕ, ਬਦਲਾਅ ਲਈ ਕਰਨਗੇ ਵੋਟ: ਮਾਨ
-'ਆਪ' ਸਰਕਾਰ ਨੇ ਦਿੱਲੀ ਅਤੇ ਪੰਜਾਬ ਵਿੱਚ ਬਿਜਲੀ ਮੁਫਤ ਕੀਤੀ, ਮੁਹੱਲਾ ਕਲੀਨਿਕ ਅਤੇ ਅੰਤਰਰਾਸ਼ਟਰੀ ਪੱਧਰ ਦੇ ਸਕੂਲ ਬਣਾਏ, ਇੱਕ ਮੌਕਾ ਦਿਓ, ਗੁਜਰਾਤ ਵਿੱਚ ਵੀ ਇਹ ਸਭ ਕੰਮ ਕਰਾਂਗੇ: ਮਾਨ
ਅਹਿਮਦਾਬਾਦ (ਗੁਜਰਾਤ) /ਚੰਡੀਗੜ੍ਹ, 1 ਦਸੰਬਰ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ 8 ਦਸੰਬਰ ਨੂੰ ਗੁਜਰਾਤ ਵਿੱਚ ਚਮਤਕਾਰ ਹੋਵੇਗਾ। ਗੁਜਰਾਤ ਵਿੱਚ ਹਰ ਪਾਸੇ ਬਦਲਾਅ ਦੀ ਲਹਿਰ ਹੈ ਅਤੇ ਇਹ ਲਹਿਰ ਆਮ ਆਦਮੀ ਪਾਰਟੀ ਦੇ ਪੱਖ ਵਿੱਚ ਹੈ।
ਮਾਨ ਨੇ ਕਿਹਾ ਕਿ ਇਸ ਵਾਰ ਗੁਜਰਾਤ ਦੀ ਜਨਤਾ ਭਾਜਪਾ ਨੂੰ ਸਬਕ ਸਿਖਾ ਕੇ ਉਨ੍ਹਾਂ ਦੇ 27 ਸਾਲਾਂ ਦੇ ਕੁਸ਼ਾਸਨ ਦਾ ਅੰਤ ਕਰੇਗੀ ਅਤੇ ਇਨ੍ਹਾਂ ਚੋਣਾਂ ਵਿੱਚ ਨੇਤਾ ਲੋਕ ਹਾਰ ਜਾਣਗੇ ਅਤੇ ਜਨਤਾ ਦੀ ਜਿੱਤ ਹੋਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਦੇ ਵੱਡੇ-ਵੱਡੇ ਲੀਡਰ ਇਸ ਵਾਰ ਵੱਡੇ ਫਰਕ ਨਾਲ ਚੋਣ ਹਾਰਨਗੇ।
ਮਾਨ ਨੇ ਕਿਹਾ ਕਿ ਗੁਜਰਾਤ ਦੇ ਲੋਕ ਭਾਜਪਾ ਦੀ ਡਬਲ ਇੰਜਣ ਵਾਲੀ ਸਰਕਾਰ ਨਹੀਂ ਸਗੋਂ ਆਮ ਆਦਮੀ ਪਾਰਟੀ ਦੀ ਨਵੇਂ ਇੰਜਣ ਵਾਲੀ ਸਰਕਾਰ ਚਾਹੁੰਦੇ ਹਨ। ਭਾਜਪਾ ਦੇ ਦੋਵੇਂ ਇੰਜਣ ਪੁਰਾਣੇ ਹੋ ਚੁੱਕੇ ਹਨ; ਭ੍ਰਿਸ਼ਟਾਚਾਰ ਤੇ ਗੁੰਡਾਗਰਦੀ ਨੇ ਭਾਜਪਾ ਦੇ ਇੰਜਣਾਂ ਨੂੰ ਖ਼ਰਾਬ ਕਰ ਦਿੱਤਾ ਹੈ।
ਵੀਰਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ, 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ 'ਆਪ' ਦੇ ਰਾਜ ਸਭਾ ਮੈਂਬਰਾਂ ਰਾਘਵ ਚੱਢਾ ਅਤੇ ਹਰਭਜਨ ਸਿੰਘ, ਨਾਲ ਅਹਿਮਦਾਬਾਦ 'ਚ ਵੱਖ-ਵੱਖ ਥਾਵਾਂ 'ਤੇ ਰੋਡ ਸ਼ੋਅ ਕਰਕੇ 'ਆਪ' ਉਮੀਦਵਾਰਾਂ ਲਈ ਚੋਣ ਪ੍ਰਚਾਰ ਕੀਤਾ।
ਮਾਨ ਨੇ ਕਿਹਾ ਕਿ ਭਾਜਪਾ ਵੱਲੋਂ ਲੋਕਾਂ ਨੂੰ ਪੈਸੇ ਦੇ ਲਾਲਚ ਵਿੱਚ ਫਸਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਇਸ ਵਾਰ ਲੋਕ ਇਨ੍ਹਾਂ ਦੇ ਝਾਂਸੇ ਵਿੱਚ ਆਉਣ ਵਾਲੇ ਨਹੀਂ। ਇਨ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਗੁਜਰਾਤ ਦੇ ਲੋਕ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ ਵੋਟ ਪਾਉਣਗੇ।
ਮਾਨ ਨੇ ਪੰਜਾਬ ਅਤੇ ਦਿੱਲੀ 'ਚ 'ਆਪ' ਸਰਕਾਰ ਦੇ ਕੰਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਸੀਂ ਪੰਜਾਬ ਅਤੇ ਦਿੱਲੀ 'ਚ ਆਮ ਲੋਕਾਂ ਲਈ ਬਿਜਲੀ ਮੁਫਤ ਕੀਤੀ ਹੈ। ਬਿਹਤਰ ਇਲਾਜ ਲਈ ਵੱਖ-ਵੱਖ ਥਾਵਾਂ 'ਤੇ ਮੁਹੱਲਾ ਕਲੀਨਿਕ ਖੋਲ੍ਹੇ ਗਏ ਹਨ। ਪੰਜਾਬ ਵਿੱਚ ਸਰਕਾਰ ਬਣਨ ਦੇ ਸਿਰਫ਼ 6 ਮਹੀਨਿਆਂ ਵਿੱਚ ਹੀ ਅਸੀਂ 20,000 ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ ਅਤੇ 10,000 ਦੇ ਕਰੀਬ ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਹੈ। ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਸਰਕਾਰ ਨੇ ਪਿਛਲੇ 7 ਸਾਲਾਂ ਵਿੱਚ ਕਰੀਬ 12 ਲੱਖ ਲੋਕਾਂ ਨੂੰ ਰੁਜ਼ਗਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗੁਜਰਾਤ ਵਿੱਚ ਵੀ ਆਮ ਆਦਮੀ ਪਾਰਟੀ ਨੂੰ ਮੌਕਾ ਦਿਓ ਅਤੇ ਅਸੀਂ ਤੁਹਾਨੂੰ ਇਹ ਸਭ ਕੰਮ ਇੱਥੇ ਵੀ ਕਰ ਕੇ ਦਿਖਾਵਾਂਗੇ।