ਦਾਅਵਾ ਕੀਤਾ ਕਿ BJP ਦਾ ਮੁਕਾਬਲਾ ਕਾਂਗਰਸ ਨਾਲ,’ਆਪ’ ਨੂੰ ਨਹੀਂ ਮਿਲੇਗੀ ਕੋਈ ਸੀਟ
ਨਵੀਂ ਦਿੱਲੀ,30 ਨਵੰਬਰ,ਦੇਸ਼ ਕਲਿਕ ਬਿਊਰੋ:
ਗੁਜਰਾਤ ਵਿਧਾਨ ਸਭਾ ਚੋਣਾਂ ਲਈ ਪਹਿਲੇ ਪੜਾਅ ਦੀ ਵੋਟਿੰਗ ਭਲਕੇ ਯਾਨੀ 1 ਦਸੰਬਰ ਨੂੰ ਹੋਣੀ ਹੈ। ਇਸ ਤੋਂ ਇਕ ਦਿਨ ਪਹਿਲਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਾਅਵਾ ਕੀਤਾ ਹੈ ਕਿ ਗੁਜਰਾਤ 'ਚ ਭਾਜਪਾ ਫਿਰ ਤੋਂ ਸਰਕਾਰ ਬਣਾਏਗੀ। ਇਕ ਨਿਊਜ਼ ਏਜੰਸੀ ਨੂੰ ਦਿੱਤੇ ਇੰਟਰਵਿਊ 'ਚ ਸ਼ਾਹ ਨੇ ਕਿਹਾ ਕਿ ਕਾਂਗਰਸ ਗੁਜਰਾਤ 'ਚ ਮੁੱਖ ਵਿਰੋਧੀ ਪਾਰਟੀ ਹੈ ਪਰ ਦੇਸ਼ ਭਰ 'ਚ ਉਹ ਸੰਕਟ ਦਾ ਸਾਹਮਣਾ ਕਰ ਰਹੀ ਹੈ। ਇਸ ਦਾ ਅਸਰ ਗੁਜਰਾਤ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ।ਸ਼ਾਹ ਨੇ ਕਿਹਾ ਕਿ ਗੁਜਰਾਤ ਚੋਣ ਨਤੀਜਿਆਂ ਦਾ ਇੰਤਜ਼ਾਰ ਕਰੋ। ਜਿੱਤਣ ਵਾਲੇ ਉਮੀਦਵਾਰਾਂ ਦੀ ਸੂਚੀ ਵਿੱਚ ਤੁਹਾਨੂੰ ਕਿਤੇ ਵੀ 'ਆਪ' ਦਾ ਨਾਂ ਨਹੀਂ ਮਿਲੇਗਾ। ਸ਼ਾਹ ਨੇ ਦਾਅਵਾ ਕੀਤਾ ਕਿ ਭਾਜਪਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੋਕਪ੍ਰਿਅਤਾ ਅਤੇ ਵਿਕਾਸ ਦੇ ਨਾਲ-ਨਾਲ ਬਿਨਾ ਭੇਦਭਾਵ ਵਾਲੀਆਂ ਨੀਤੀਆਂ ਦੇ ਆਧਾਰ 'ਤੇ ਗੁਜਰਾਤ 'ਚ ਜਿੱਤ ਦਰਜ ਕਰੇਗੀ।ਇੰਟਰਵਿਊ 'ਚ ਸ਼ਾਹ ਨੇ ਮਾਤ ਭਾਸ਼ਾ 'ਚ ਸਿੱਖਿਆ ਦੇਣ ਦੀ ਗੱਲ ਵੀ ਕਹੀ। ਉਨ੍ਹਾਂ ਕਿਹਾ ਕਿ ਮਾਤ ਭਾਸ਼ਾ ਵਿੱਚ ਤਕਨਾਲੋਜੀ, ਕਾਨੂੰਨ ਅਤੇ ਮੈਡੀਕਲ ਖੇਤਰ ਦੀ ਸਿੱਖਿਆ ਪ੍ਰਦਾਨ ਕਰਕੇ ਦੇਸ਼ ਦੀ ਪ੍ਰਤਿਭਾ ਨੂੰ ਵਰਤਿਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਮੈਂ ਵਿਦਿਆਰਥੀਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਹ ਭਾਰਤ ਦਾ ਅਸਲ ਇਤਿਹਾਸ ਪੜ੍ਹਨ। ਉਹ ਮਹਾਨ ਨੇਤਾਵਾਂ ਅਤੇ ਸਾਮਰਾਜਾਂ ਬਾਰੇ ਵੀ ਜਾਨਣ ਜਿਨ੍ਹਾਂ ਨੂੰ ਇਤਿਹਾਸਕਾਰਾਂ ਨੇ ਭੁੱਲਾ ਦਿੱਤਾ ਸੀ।