ਲਖਨਊ,30 ਨਵੰਬਰ,ਦੇਸ਼ ਕਲਿਕ ਬਿਊਰੋ:
ਯੂਪੀ ਦੇ ਬਹਿਰਾਇਚ ਵਿੱਚ ਅੱਜ ਬੁੱਧਵਾਰ ਤੜਕੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇੱਥੇ ਰੋਡਵੇਜ਼ ਦੀ ਬੱਸ ਅਤੇ ਟਰੱਕ ਦੀ ਟੱਕਰ ਹੋ ਗਈ। ਹਾਦਸੇ 'ਚ ਬੱਸ 'ਚ ਸਵਾਰ 5 ਯਾਤਰੀਆਂ ਸਮੇਤ 6 ਦੀ ਮੌਤ ਹੋ ਗਈ। 15 ਯਾਤਰੀ ਜ਼ਖਮੀ ਹਨ, ਜਿਨ੍ਹਾਂ 'ਚੋਂ 4 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮ੍ਰਿਤਕਾਂ ਵਿੱਚ ਟਰੱਕ ਡਰਾਈਵਰ ਵੀ ਸ਼ਾਮਲ ਹੈ। ਬੱਸ ਜੈਪੁਰ ਤੋਂ ਬਹਿਰਾਇਚ ਦੇ ਰਸਤੇ ਲਖਨਊ, ਰੁਪੈਡੀਹਾ ਜਾ ਰਹੀ ਸੀ। ਉਧਰ, ਟਰੱਕ ਲਖਨਊ ਵੱਲ ਆ ਰਿਹਾ ਸੀ। ਮ੍ਰਿਤਕਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਡੀਐਮ ਅਤੇ ਐਸਪੀ ਮੌਕੇ 'ਤੇ ਪਹੁੰਚ ਗਏ ਹਨ।ਇਹ ਹਾਦਸਾ ਜਰਵਾਲ ਥਾਣਾ ਖੇਤਰ ਦੇ ਘਾਘਰਾ ਘਾਟ ਨੇੜੇ ਸਵੇਰੇ 4 ਵਜੇ ਵਾਪਰਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਦਾ ਸਾਰਾ ਪਾਸਾ ਉੱਡ ਗਿਆ। ਸੀਟਾਂ ਇੱਕ ਦੂਜੇ ਨਾਲ ਚਿਪਕੀਆਂ ਹੋਈਆਂ ਸਨ। ਟਰੱਕ ਦੀ ਰਫ਼ਤਾਰ ਬਹੁਤ ਤੇਜ਼ ਸੀ। ਸਥਾਨਕ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ।ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਡਰਿੱਲ ਮਸ਼ੀਨ ਨਾਲ ਬੱਸ ਦੇ ਕੁਝ ਹਿੱਸਿਆਂ ਨੂੰ ਕੱਟ ਕੇ ਜ਼ਖ਼ਮੀਆਂ ਨੂੰ ਬਾਹਰ ਕੱਢਿਆ। 6 ਯਾਤਰੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮਰਨ ਵਾਲੇ ਸਾਰੇ ਮਰਦ ਹਨ। ਬੱਸ ਵਿੱਚ 40 ਦੇ ਕਰੀਬ ਸਵਾਰੀਆਂ ਸਨ। ਬੱਸ ਡਰਾਈਵਰ ਗੰਭੀਰ ਰੂਪ ਨਾਲ ਜ਼ਖਮੀ ਹੈ।ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਸੜਕ ਹਾਦਸੇ 'ਚ ਜਾਨੀ ਨੁਕਸਾਨ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।