ਫਿਰੋਜਾਬਾਦ, 30 ਨਵੰਬਰ, ਦੇਸ਼ ਕਲਿੱਕ ਬਿਓਰੋ :
ਉਤਰ ਪ੍ਰਦੇਸ਼ ਵਿੱਚ ਬੀਤੇ ਰਾਤ ਦੁਕਾਨ ਅਤੇ ਉਪਰ ਬਣੇ ਘਰ ਵਿੱਚ ਲੱਗੀ ਭਿਆਨਕ ਅੱਗ ਕਾਰਨ ਤਿੰਨ ਬੱਚਿਆਂ ਸਮੇਤ 6 ਵਿਅਕਤੀਆਂ ਦੀ ਜਾਨ ਚਲੀ ਗਈ। ਮਿਲੀ ਜਾਣਕਾਰੀ ਅਨੁਸਾਰ ਫਿਰੋਜਾਬਾਦ ਜ਼ਿਲ੍ਹੇ ਦੇ ਪਾੜਮ ਦੇ ਮੁੱਖ ਬਾਜ਼ਾਰ ਵਿੱਚ ਬਣੀ ਦੁਕਾਨ ਅਤੇ ਉਪਰ ਬਣੇ ਮਕਾਨ ਵਿੱਚ ਬੀਤੇ ਰਾਤ ਦੇਰ ਨੂੰ ਅਚਾਨਕ ਅੱਗ ਲਗ ਗਈ। ਉਸ ਸਮੇਂ 9 ਜਾਣੇ ਅੰਦਰ ਸਨ। ਇਸ ਸਬੰਧੀ ਐਸਐਸਪੀ ਆਸ਼ੀਸ਼ ਤਿਵਾੜੀ ਨੇ ਦੱਸਿਆ ਕਿ ਅੱਗ ਨੇ ਦੁਕਾਨ ਦੇ ਉਪਰ ਬਣੇ ਮਕਾਨ ਵਿੱਚ ਇਕ ਹੀ ਪਰਿਵਾਰ ਦੇ 9 ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਜਿੰਨਾਂ ਵਿੱਚ 3 ਬੱਚੇ ਸ਼ਾਮਲ ਸਨ। ਲੱਗੀ ਭਿਆਨਕ ਅੱਗ ਵਿੱਚ 3 ਬੱਚਿਆਂ ਸਮੇਤ 6 ਜਾਣਿਆਂ ਦੀ ਮੌਤ ਹੋ ਗਈ, ਜਦੋਂ ਕਿ 3 ਨੂੰ ਬਚਾਅ ਲਿਆ ਹੈ। ਜ਼ਖਮੀਆਂ ਨੂੰ ਇਲਾਜ਼ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਘਰ ਦੇ ਹੇਠਾਂ ਬਿਜਲੀ ਦੇ ਸਾਮਾਨ ਅਤੇ ਫਰਨੀਚਰ ਦੀ ਦੁਕਾਨ ਸੀ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਲਗ ਰਿਹਾ ਹੈ। ਅੱਗ ਉਤੇ ਕਾਬੂ ਪਾਉਣ ਲਈ ਆਗਰਾ, ਮੈਨਪੁਰੀ, ਏਟਾ ਅਤੇ ਫਿਰੋਜਾਬਾਦ ਤੋਂ ਫਾਇਰ ਬਿਗ੍ਰੇਡ ਦੀਆਂ 18 ਗੱਡੀਆਂ ਨੇ ਅੱਗ ਉਤੇ ਕਾਬੂ ਪਾਇਆ। ਬਚਾਓ ਕੰਮਾਂ ਦੇ ਲਈ 12 ਥਾਣਿਆਂ ਦੀ ਪੁਲਿਸ ਨੂੰ ਲਗਾਇਆ ਗਿਆ ਸੀ। ਕਰੀਬ ਢਾਈ ਘੰਟਿਆਂ ਬਾਅਦ ਅੱਗ ਉਤੇ ਕਾਬੂ ਪਾਇਆ ਗਿਆ।