ਤਿਰੂਵਨੰਤਪੁਰਮ,28 ਨਵੰਬਰ,ਦੇਸ਼ ਕਲਿਕ ਬਿਊਰੋ:
ਕੇਰਲ ਵਿੱਚ ਅਡਾਨੀ ਬੰਦਰਗਾਹ ਦੇ ਨਿਰਮਾਣ ਦੇ ਵਿਰੋਧ ਵਿੱਚ ਚੱਲ ਰਹੇ ਵਿਰੋਧ ਨੇ ਹਿੰਸਕ ਰੂਪ ਲੈ ਲਿਆ ਹੈ। ਪ੍ਰਦਰਸ਼ਨਕਾਰੀਆਂ ਨੇ ਐਤਵਾਰ ਰਾਤ ਵਿਝਿੰਜਮ ਪੁਲਿਸ ਸਟੇਸ਼ਨ 'ਤੇ ਹਮਲਾ ਕਰ ਦਿੱਤਾ। ਇਸ 'ਚ 36 ਪੁਲਸ ਕਰਮਚਾਰੀ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ। ਸਾਰਿਆਂ ਦਾ ਨਜ਼ਦੀਕੀ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।ਦਰਅਸਲ, ਵਿਝਿੰਜਮ ਦੇ ਲੋਕ ਨਹੀਂ ਚਾਹੁੰਦੇ ਕਿ ਅਡਾਨੀ ਬੰਦਰਗਾਹ ਬਣੇ। ਇਸ ਵਿਰੁੱਧ 120 ਦਿਨਾਂ ਤੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪੁਲਸ ਨੇ ਐਤਵਾਰ ਨੂੰ 5 ਲੋਕਾਂ ਨੂੰ ਗ੍ਰਿਫਤਾਰ ਕੀਤਾ। ਇਸ ਤੋਂ ਬਾਅਦ ਗੁੱਸੇ 'ਚ ਆਏ ਲੋਕਾਂ ਨੇ ਥਾਣੇ 'ਤੇ ਹਮਲਾ ਕਰ ਦਿੱਤਾ।ਮੀਡੀਆ ਰਿਪੋਰਟਾਂ ਮੁਤਾਬਕ ਭੀੜ ਇੰਨੀ ਭੜਕੀ ਹੋਈ ਸੀ ਕਿ ਉਸ ਨੇ ਪੁਲਿਸ ਵਾਲਿਆਂ 'ਤੇ ਲਾਠੀਆਂ ਅਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ। ਪੁਲਿਸ ਦੀਆਂ ਗੱਡੀਆਂ ਨੂੰ ਅੱਗ ਲਗਾ ਦਿੱਤੀ ਗਈ। ਇਸ ਕਾਰਨ ਪੁਲੀਸ ਦੀਆਂ 4 ਜੀਪਾਂ, 2 ਵੈਨਾਂ ਅਤੇ 20 ਮੋਟਰਸਾਈਕਲਾਂ ਨੂੰ ਨੁਕਸਾਨ ਪੁੱਜਾ। ਥਾਣੇ ਵਿੱਚ ਫਰਨੀਚਰ ਅਤੇ ਜ਼ਰੂਰੀ ਦਸਤਾਵੇਜ਼ ਵੀ ਨਸ਼ਟ ਕਰ ਦਿੱਤੇ ਗਏ ਹਨ।