ਨਵੀਂ ਦਿੱਲੀ, 26 ਨਵੰਬਰ, ਦੇਸ਼ ਕਲਿਕ ਬਿਊਰੋ :
ਕਾਂਗਰਸ ਪਾਰਟੀ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਇਨ੍ਹੀਂ ਦਿਨੀਂ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਭਾਰਤ ਜੋੜੋ ਯਾਤਰਾ 'ਤੇ ਹਨ। ਮੱਧ ਪ੍ਰਦੇਸ਼ 'ਚ ਅੱਜ ਪਦਯਾਤਰਾ ਦਾ ਚੌਥਾ ਦਿਨ ਹੈ। ਇਸ ਤੋਂ ਬਾਅਦ ਰਾਹੁਲ ਆਪਣੀ ਟੀਮ ਦੇ ਨਾਲ ਰਾਜਸਥਾਨ 'ਚ ਪ੍ਰਵੇਸ਼ ਕਰਨਗੇ, ਜਿੱਥੇ ਅਸ਼ੋਕ ਗਹਿਲੋਤ ਅਤੇ ਸਚਿਨ ਪਾਇਲਟ ਵਿਚਾਲੇ ਸਿਆਸੀ ਜੰਗ ਸਾਹਮਣੇ ਆ ਗਈ ਹੈ।ਅੱਜ ਜਦੋਂ ਰਾਹੁਲ ਗਾਂਧੀ ਦੀ ਯਾਤਰਾ ਓਮਕਾਰੇਸ਼ਵਰ ਤੋਂ ਇੰਦੌਰ ਜਾ ਰਹੀ ਸੀ ਤਾਂ ਟੀ ਬਰੇਕ ਦੌਰਾਨ ਹੰਗਾਮਾ ਹੋ ਗਿਆ। ਇਸ ਦੌਰਾਨ ਪਾਰਟੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਡਿੱਗ ਪਏ। ਉਥੇ ਮੌਜੂਦ ਸਮਰਥਕਾਂ ਅਤੇ ਸੁਰੱਖਿਆ ਬਲਾਂ ਨੇ ਉਨ੍ਹਾਂ ਨੂੰ ਸੰਭਾਲ਼ਿਆ। ਇਸ ਤੋਂ ਬਾਅਦ ਦਿਗਵਿਜੇ ਖੜ੍ਹੇ ਹੋ ਗਏ। ਮੀਡੀਆ ਰਿਪੋਰਟਾਂ ਮੁਤਾਬਕ ਇਸ ਹਾਦਸੇ 'ਚ ਦਿਗਵਿਜੇ ਸਿੰਘ ਨੂੰ ਗੰਭੀਰ ਸੱਟਾਂ ਨਹੀਂ ਲੱਗੀਆਂ ਹਨ।ਜ਼ਿਕਰਯੋਗ ਹੈ ਕਿ ਬੜਵਾਹ ਤੋਂ ਕਰੀਬ 4 ਕਿਲੋਮੀਟਰ ਦੀ ਦੂਰੀ 'ਤੇ ਚੋਰ ਬਾਵੜੀ ਦੇ ਕੋਲ ਇਕ ਹੋਟਲ 'ਚ ਰਾਹੁਲ ਗਾਂਧੀ ਅਚਾਨਕ ਚਾਹ ਪੀਣ ਲਈ ਰੁਕ ਗਏ। ਉਸ ਸਮੇਂ ਉਥੇ ਭਗਦੜ ਵਰਗੀ ਸਥਿਤੀ ਪੈਦਾ ਹੋ ਗਈ ਸੀ। ਇਸ ਕਾਰਨ ਦਿਗਵਿਜੇ ਸਿੰਘ ਜ਼ਮੀਨ 'ਤੇ ਡਿੱਗ ਗਏ। ਕੁਝ ਵਰਕਰ ਉਸ 'ਤੇ ਵੀ ਡਿੱਗ ਪਏ। ਦਿਗਵਿਜੇ ਸਿੰਘ ਨੇ ਵੀ ਇਸ ਪੂਰੇ ਘਟਨਾਕ੍ਰਮ 'ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ।