ਸ਼੍ਰੀਹਰੀਕੋਟਾ, 26 ਨਵੰਬਰ, ਦੇਸ਼ ਕਲਿਕ ਬਿਊਰੋ :
ਇਸਰੋ ਅੱਜ ਸਵੇਰੇ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਓਸ਼ਨਸੈਟ-3 ਉਪਗ੍ਰਹਿ ਲਾਂਚ ਕਰੇਗਾ। ਇਸ ਤੋਂ ਇਲਾਵਾ PSLV-C54-ios-06 ਮਿਸ਼ਨ ਨੂੰ 8 ਨੈਨੋ ਸੈਟੇਲਾਈਟਾਂ ਨਾਲ ਵੀ ਲਾਂਚ ਕੀਤਾ ਜਾਵੇਗਾ। ਇਸ ਵਿੱਚ ਭੂਟਾਨ ਦਾ ਇੱਕ ਉਪਗ੍ਰਹਿ ਵੀ ਸ਼ਾਮਲ ਹੈ।ਭਾਰਤ ਮਹਾਸਾਗਰਾਂ ਦੇ ਵਿਗਿਆਨਕ ਅਧਿਐਨ ਅਤੇ ਚੱਕਰਵਾਤਾਂ ਦੀ ਨਿਗਰਾਨੀ ਲਈ ਅੱਜ ਸ਼ਨੀਵਾਰ ਨੂੰ ਤੀਜੀ ਪੀੜ੍ਹੀ ਦਾ ਓਸ਼ਨ-ਸੈਟ ਲਾਂਚ ਕਰੇਗਾ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦਾ ਪ੍ਰਸਿੱਧ ਰਾਕੇਟ PSLV-C54 ਅੱਠ ਹੋਰ ਨੈਨੋ ਸੈਟੇਲਾਈਟਾਂ ਦੇ ਨਾਲ ਇਸ ਨੂੰ ਧਰਤੀ ਦੇ ਪੰਧ ਵਿੱਚ ਰੱਖੇਗਾ। ਇਸ ਮਿਸ਼ਨ ਲਈ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। 44.4 ਮੀਟਰ ਉੱਚੇ ਰਾਕੇਟ ਦਾ ਇਹ ਪੀਐਸਐਲਵੀ-ਐਕਸਐਲ ਵੇਰੀਐਂਟ ਹੈ, ਜਿਸ ਵਿੱਚ 321 ਟਨ ਲਿਫਟ ਆਫ ਪੁੰਜ ਭਾਵ ਰਾਕੇਟ, ਬੂਸਟਰ, ਪ੍ਰੋਪੇਲੈਂਟ, ਸੈਟੇਲਾਈਟ ਅਤੇ ਉਪਕਰਨ ਲੈ ਜਾਣ ਦੀ ਸਮਰੱਥਾ ਹੈ। ਇਹ ਰਾਕੇਟ ਦੀ 24ਵੀਂ ਉਡਾਣ ਹੋਵੇਗੀ।