ਨਵੀਂ ਦਿੱਲੀ,25 ਨਵੰਬਰ,ਦੇਸ਼ ਕਲਿਕ ਬਿਊਰੋ:
ਦਿੱਲੀ ਏਮਜ਼ ਦੇ ਆਨਲਾਈਨ ਸਿਸਟਮ 'ਤੇ ਵੱਡੇ ਸਾਈਬਰ ਹਮਲੇ ਦਾ ਖੁਲਾਸਾ ਹੋਇਆ ਹੈ। ਏਮਜ਼ ਸਿਸਟਮ ਤੋਂ ਕਰੀਬ 4 ਕਰੋੜ ਮਰੀਜ਼ਾਂ ਦਾ ਡਾਟਾ ਚੋਰੀ ਕੀਤਾ ਗਿਆ ਹੈ। ਦੇਸ਼ ਦੇ ਮੈਡੀਕਲ ਖੇਤਰ ਵਿੱਚ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਹੈਕਿੰਗ ਹੈ। 8 ਸਾਲ ਪਹਿਲਾਂ ਏਮਜ਼ ਦਾ ਡਾਟਾ ਪੂਰੀ ਤਰ੍ਹਾਂ ਡਿਜੀਟਾਈਜ਼ ਕੀਤਾ ਗਿਆ ਸੀ। ਇਸ ਤੋਂ ਬਾਅਦ ਅਟਲ ਬਿਹਾਰ ਸਮੇਤ ਕਈ ਸਾਬਕਾ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਉਪ ਰਾਸ਼ਟਰਪਤੀ, ਕਾਂਗਰਸ ਨੇਤਾ ਸੋਨੀਆ ਗਾਂਧੀ ਦਾ ਏਮਜ਼ 'ਚ ਇਲਾਜ ਹੋ ਚੁੱਕਾ ਹੈ। ਇਨ੍ਹਾਂ ਸਾਰਿਆਂ ਦਾ ਨਿੱਜੀ ਡਾਟਾ ਏਮਜ਼ ਦੇ ਸਰਵਰ ਤੋਂ ਹੈਕ ਕਰ ਲਿਆ ਗਿਆ ਹੈ।ਪਿਛਲੇ ਦੋ ਦਿਨਾਂ ਤੋਂ ਐਨਆਈਸੀ, ਸੀਬੀਆਈ, ਆਈਬੀ, ਡੀਆਰਡੀਓ ਅਤੇ ਦਿੱਲੀ ਪੁਲੀਸ ਜਾਂਚ ਵਿੱਚ ਲੱਗੀ ਹੋਈ ਹੈ। ਦੂਜੇ ਪਾਸੇ ਏਮਜ਼ ਦੇ ਦੋ ਸਿਸਟਮ ਐਨਾਲਿਸਟਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।ਸੂਤਰਾਂ ਮੁਤਾਬਕ ਡਾਟਾ ਹੈਕ 'ਚ ਅੰਤਰਰਾਸ਼ਟਰੀ ਸਾਈਬਰ ਕ੍ਰਾਈਮ ਦਾ ਕੁਨੈਕਸ਼ਨ ਹੋਣ ਦੀ ਸੰਭਾਵਨਾ ਹੈ। ਦਿੱਲੀ ਪੁਲਿਸ ਨੇ ਕਿਹਾ ਹੈ ਕਿ ਇਹ ਸਾਈਬਰ ਟੈਰਰ ਨਾਲ ਜੁੜਿਆ ਮਾਮਲਾ ਹੈ। ਇਸ ਸਬੰਧੀ ਵੀਰਵਾਰ ਨੂੰ ਐਫਆਈਆਰ ਦਰਜ ਕੀਤੀ ਗਈ ਹੈ। ਬੁੱਧਵਾਰ ਸਵੇਰੇ 7 ਵਜੇ ਤੋਂ ਦਿੱਲੀ ਏਮਜ਼ ਦਾ ਸਰਵਰ ਡਾਊਨ ਹੈ, ਜੋ ਕਰੀਬ 48 ਘੰਟੇ ਬਾਅਦ ਵੀ ਠੀਕ ਨਹੀਂ ਹੋ ਸਕਿਆ। ਇਸ ਕਾਰਨ ਮਰੀਜ਼ਾਂ ਨੂੰ ਹਸਪਤਾਲ ਵਿੱਚ ਆਨਲਾਈਨ ਰਜਿਸਟ੍ਰੇਸ਼ਨ ਕਰਵਾਉਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।