11 ਬਾਗੀ ਉਮੀਦਵਾਰਾਂ ਨੂੰ 6 ਸਾਲਾਂ ਲਈ ਪਾਰਟੀ ਤੋਂ ਕੱਢਿਆ
ਨਵੀਂ ਦਿੱਲੀ,22 ਨਵੰਬਰ,ਦੇਸ਼ ਕਲਿਕ ਬਿਊਰੋ:
ਦਿੱਲੀ 'ਚ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਬਾਗੀ ਨੇਤਾਵਾਂ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਭਾਜਪਾ ਦੀ ਦਿੱਲੀ ਇਕਾਈ ਨੇ 11 ਬਾਗੀ ਉਮੀਦਵਾਰਾਂ ਨੂੰ 6 ਸਾਲਾਂ ਲਈ ਪਾਰਟੀ ਤੋਂ ਕੱਢ ਦਿੱਤਾ ਹੈ। ਇਨ੍ਹਾਂ ਉਮੀਦਵਾਰਾਂ 'ਤੇ ਪਾਰਟੀ ਵਿਰੁੱਧ ਕੰਮ ਕਰਨ ਦਾ ਦੋਸ਼ ਹੈ। ਦਿੱਲੀ ਭਾਜਪਾ ਨੇ ਕਿਹਾ ਕਿ ਉਹ ਪਾਰਟੀ ਤੋਂ ਬਾਗੀ ਹੋ ਕੇ ਚੋਣ ਲੜ ਰਹੇ ਹਨ। ਇਸ 'ਤੇ ਦਿੱਲੀ ਭਾਜਪਾ ਦੇ ਸੂਬਾ ਪ੍ਰਧਾਨ ਆਦੇਸ਼ ਗੁਪਤਾ ਨੇ ਤੁਰੰਤ ਪ੍ਰਭਾਵ ਨਾਲ 11 ਉਮੀਦਵਾਰਾਂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ 6 ਸਾਲ ਲਈ ਮੁਅੱਤਲ ਕਰ ਦਿੱਤਾ ਹੈ। ਭਾਜਪਾ ਵੱਲੋਂ ਇੱਕ ਪੱਤਰ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਗਈ ਹੈ। ਪੱਤਰ 'ਚ ਲਿਖਿਆ ਗਿਆ ਹੈ, ਦਿੱਲੀ ਨਗਰ ਨਿਗਮ ਚੋਣਾਂ 2022 'ਚ ਭਾਜਪਾ ਦੇ ਇਨ੍ਹਾਂ ਨੇਤਾਵਾਂ ਨੇ ਪਾਰਟੀ ਖਿਲਾਫ ਪਰਚੇ ਦਾਖਲ ਕੀਤੇ ਸਨ, ਇਹ ਅਨੁਸ਼ਾਸਨਹੀਣਤਾ ਹੈ। ਇਸੇ ਕਰਕੇ ਇਨ੍ਹਾਂ 11 ਆਗੂਆਂ ਨੂੰ 6 ਸਾਲਾਂ ਲਈ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ।ਇਸ ਤੋਂ ਪਹਿਲਾਂ ਵੀ ਦਿੱਲੀ ਐੱਮਸੀਡੀ ਚੋਣਾਂ ਨੂੰ ਲੈ ਕੇ ਭਾਜਪਾ 'ਚ ਕਲੇਸ਼ ਦੇਖਣ ਨੂੰ ਮਿਲ ਚੁੱਕਾ ਹੈ। ਹਾਲ ਹੀ 'ਚ ਦਿੱਲੀ ਦੇ ਚਾਂਦਨੀ ਚੌਕ ਵਾਰਡ ਨੰਬਰ 74 'ਤੇ ਭਾਜਪਾ ਦੀ ਚੋਣ 'ਤੇ ਦੋ ਉਮੀਦਵਾਰਾਂ ਨੇ ਦਾਅਵਾ ਪੇਸ਼ ਕੀਤਾ ਸੀ। ਫਿਰ ਭਾਜਪਾ ਨੇ ਹਰੀਓਮ ਗੁਪਤਾ ਨੂੰ 6 ਸਾਲ ਲਈ ਮੁਅੱਤਲ ਕਰ ਦਿੱਤਾ ਸੀ।