ਪੁਣੇ, 21 ਨਵੰਬਰ, ਦੇਸ਼ ਕਲਿਕ ਬਿਊਰੋ :
ਮੁੰਬਈ-ਬੰਗਲੌਰ ਰਾਜਮਾਰਗ 'ਤੇ ਇਕ ਪੁਲ ਨੇੜੇ ਇਕ ਟਰੱਕ ਨੇ 48 ਵਾਹਨਾਂ ਨੂੰ ਟੱਕਰ ਮਾਰੀ। ਇਸ ਹਾਦਸੇ ਵਿੱਚ ਇਹ ਸਾਰੇ ਵਾਹਨ ਨੁਕਸਾਨੇ ਗਏ ਅਤੇ 50 ਤੋਂ ਵੱਧ ਵਿਅਕਤੀ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਹ ਘਟਨਾ ਐਤਵਾਰ ਰਾਤ ਉਦੋਂ ਵਾਪਰੀ ਜਦੋਂ ਕੰਟੇਨਰ ਨੇ ਪੁਲ ਨੇੜੇ ਢਲਾਨ ਤੋਂ ਉਤਰਦੇ ਸਮੇਂ ਆਪਣਾ ਕੰਟਰੋਲ ਗੁਆ ਦਿੱਤਾ ਅਤੇ ਸਾਹਮਣੇ ਤੋਂ ਆ ਰਹੇ ਤੇਜ਼ ਰਫ਼ਤਾਰ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਪੁਲਿਸ ਮੁਤਾਬਕ ਹਾਦਸੇ ਦਾ ਕਾਰਨ ਕੰਟੇਨਰ ਦੀ ਬ੍ਰੇਕ ਦਾ ਫੇਲ ਹੋਣਾ ਦੱਸਿਆ ਜਾ ਰਿਹਾ ਹੈ।ਚਸ਼ਮਦੀਦਾਂ ਨੇ ਦੱਸਿਆ ਕਿ ਮੌਕੇ 'ਤੇ ਫਾਇਰ ਬ੍ਰਿਗੇਡ ਦੇ ਕਰਮਚਾਰੀ, ਪੁਲਸ ਕਰਮਚਾਰੀ ਅਤੇ ਰਾਹਗੀਰ ਬਚਾਅ ਕਾਰਜ 'ਚ ਸ਼ਾਮਲ ਹੋਏ। ਜ਼ਖ਼ਮੀਆਂ ਦਾ ਦੋ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ।ਪੀ.ਐੱਮ.ਆਰ.ਡੀ.ਏ. ਦੇ ਅੱਗ ਬੁਝਾਊ ਵਿਭਾਗ ਦੇ ਫਾਇਰ ਅਧਿਕਾਰੀ ਸੁਜੀਤ ਪਾਟਿਲ ਨੇ ਦੱਸਿਆ ਕਿ ਕੁਝ ਜ਼ਖਮੀਆਂ ਨੂੰ ਆਸ-ਪਾਸ ਰਹਿਣ ਵਾਲੇ ਨਾਗਰਿਕਾਂ ਨੇ ਨੇੜਲੇ ਹਸਪਤਾਲਾਂ 'ਚ ਦਾਖਲ ਕਰਵਾਇਆ।