75 ਦੇਸ਼ਾਂ ਦੇ ਪ੍ਰਤੀਨਿਧਾਂ ਦੇ ਭਾਗ ਲੈਣ ਦੀ ਉਮੀਦ, ਪਾਕਿਸਤਾਨ ਅਤੇ ਅਫਗਾਨਿਸਤਾਨ ਰਹਿਣਗੇ ਗੈਰ ਹਾਜਰ
ਨਵੀਂ ਦਿੱਲੀ,18 ਨਵੰਬਰ,ਦੇਸ਼ ਕਲਿਕ ਬਿਊਰੋ:
ਅੱਤਵਾਦੀ ਫੰਡਿੰਗ ਨੂੰ ਰੋਕਣ ਲਈ ਅੱਜ ਤੋਂ ਦਿੱਲੀ ਵਿੱਚ ਨੋ ਮਨੀ ਫਾਰ ਟੈਰਰ (NMFT) ਕਾਨਫਰੰਸ ਦਾ ਆਯੋਜਨ ਕੀਤਾ ਜਾ ਰਿਹਾ ਹੈ। ਪ੍ਰੋਗਰਾਮ ਦੀ ਸ਼ੁਰੂਆਤ ਸਵੇਰੇ 11 ਵਜੇ ਤੋਂ ਤਾਜ ਹੋਟਲ ਵਿੱਚ ਹੋਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਦਾ ਉਦਘਾਟਨ ਕਰਨਗੇ। ਇਸ ਵਿੱਚ 75 ਦੇਸ਼ਾਂ ਦੇ ਪ੍ਰਤੀਨਿਧਾਂ ਦੇ ਭਾਗ ਲੈਣ ਦੀ ਉਮੀਦ ਹੈ। ਨਾਲ ਹੀ 15 ਬਹੁਰਾਸ਼ਟਰੀ ਪ੍ਰਤਿਨਿਧ ਆ ਰਹੇ ਹਨ। ਇਹ ਕਾਨਫਰੰਸ 4 ਸੈਸ਼ਨਾਂ ਵਿੱਚ ਹੋਵੇਗੀ।ਇਸ ਕਾਨਫਰੰਸ ਵਿੱਚ ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਪ੍ਰਤੀਨਿਧੀ ਹਿੱਸਾ ਨਹੀਂ ਲੈਣਗੇ। ਇਸ ਦੇ ਨਾਲ ਹੀ ਚੀਨ ਦੇ ਆਉਣ 'ਤੇ ਵੀ ਸਸਪੈਂਸ ਬਣਿਆ ਹੋਇਆ ਹੈ। ਇਹ ਕਾਨਫਰੰਸ 18 ਤੋਂ 19 ਨਵੰਬਰ ਤੱਕ ਚੱਲੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਕਾਨਫਰੰਸ ਨੂੰ ਸੰਬੋਧਨ ਕਰ ਸਕਦੇ ਹਨ।ਇਹ ਕਾਨਫਰੰਸ ਐਨਆਈਏ ਵੱਲੋਂ ਕਰਵਾਈ ਜਾ ਰਹੀ ਹੈ। NIA ਦੇ ਡੀਜੀ ਦਿਨਕਰ ਗੁਪਤਾ ਨੇ ਵੀਰਵਾਰ ਨੂੰ ਦੱਸਿਆ ਕਿ ਅੱਤਵਾਦੀਆਂ ਨੂੰ ਫੰਡਿੰਗ ਰੋਕਣ ਲਈ ਇਹ ਕਾਨਫਰੰਸ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਖਾਲਿਸਤਾਨੀ ਅਤੇ ਕਸ਼ਮੀਰੀ ਅੱਤਵਾਦੀਆਂ ਨੂੰ ਫੰਡਿੰਗ ਮਿਲ ਰਹੀ ਹੈ। ਸਾਡੇ ਕੋਲ ਇਸ ਦੇ ਸਬੂਤ ਹਨ। ਐਨਆਈਏ ਇਸ ਦਿਸ਼ਾ ਵਿੱਚ ਕੰਮ ਕਰ ਰਹੀ ਹੈ। ਇਸ ਕਾਨਫਰੰਸ ਵਿੱਚ ਇਸ ਬਾਰੇ ਵੀ ਚਰਚਾ ਕੀਤੀ ਜਾਵੇਗੀ।ਜ਼ਿਕਰਯੋਗ ਹੈ ਕਿ ਇਸ ਕਾਨਫਰੰਸ ਨੂੰ ਅੱਤਵਾਦੀਆਂ ਦੀ ਕਮਰ ਤੋੜਨ ਦੀ ਵੱਡੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ।