ਨਵੀਂ ਦਿੱਲੀ,17 ਨਵੰਬਰ,ਦੇਸ਼ ਕਲਿਕ ਬਿਊਰੋ:
ਦਿੱਲੀ ਪੁਲਿਸ ਅੱਜ ਸ਼ਰਧਾ ਕਤਲ ਕਾਂਡ ਦੇ ਮੁਲਜ਼ਮ ਆਫਤਾਬ ਪੂਨਾਵਾਲਾ ਨੂੰ ਸਾਕੇਤ ਅਦਾਲਤ ਵਿੱਚ ਪੇਸ਼ ਕਰੇਗੀ। ਦਿੱਲੀ ਪੁਲਿਸ ਆਫਤਾਬ ਦਾ ਨਾਰਕੋ ਟੈਸਟ ਕਰਵਾਉਣ ਦੀ ਤਿਆਰੀ ਕਰ ਰਹੀ ਹੈ। ਪੁਲਿਸ ਅਦਾਲਤ ਤੋਂ ਉਸਦਾ ਰਿਮਾਂਡ ਮੰਗੇਗੀ। ਇਸ ਤੋਂ ਇਲਾਵਾ ਆਫਤਾਬ ਦੇ ਫਲੈਟ ਤੋਂ ਮਿਲੇ ਖੂਨ ਦੇ ਨਮੂਨੇ ਜਾਂਚ ਲਈ ਭੇਜੇ ਜਾ ਰਹੇ ਹਨ। ਜੇਕਰ ਇਹ ਖੂਨ ਕਿਸੇ ਇਨਸਾਨ ਦਾ ਹੈ ਤਾਂ ਪੁਲਿਸ ਸ਼ਰਧਾ ਦੇ ਪਿਤਾ ਨੂੰ ਡੀਐਨਏ ਮੈਚਿੰਗ ਲਈ ਦਿੱਲੀ ਬੁਲਾ ਸਕਦੀ ਹੈ। ਸ਼ਰਧਾ ਦੇ ਸਰੀਰ ਦੇ 13 ਟੁਕੜਿਆਂ ਦਾ ਡੀਐਨਏ ਟੈਸਟ ਕੀਤਾ ਜਾਵੇਗਾ। ਸੂਤਰਾਂ ਅਨੁਸਾਰ ਪੁੱਛਗਿੱਛ ਦੌਰਾਨ ਆਫਤਾਬ ਨੇ ਪੁਲਸ ਨੂੰ ਦੱਸਿਆ ਕਿ ਕਤਲ ਵਾਲੇ ਦਿਨ 18 ਮਈ ਨੂੰ ਸ਼ਰਧਾ ਅਤੇ ਉਸ ਵਿਚਾਲੇ ਘਰੇਲੂ ਖਰਚੇ ਨੂੰ ਲੈ ਕੇ ਲੜਾਈ ਹੋਈ ਸੀ। ਰੋਜ਼ਾਨਾ ਦਾ ਖਰਚਾ ਕੌਣ ਦੇਵੇਗਾ, ਇਸ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਬਹਿਸ ਸ਼ੁਰੂ ਹੋ ਗਈ, ਜਿਸ ਤੋਂ ਬਾਅਦ ਹੀ ਉਸ ਨੇ ਸ਼ਰਧਾ ਦਾ ਕਤਲ ਕਰ ਦਿੱਤਾ।ਦੱਸ ਦਈਏ ਕਿ ਪੁਲਸ ਪੁੱਛਗਿੱਛ 'ਚ ਇਕ ਹੋਰ ਜਾਣਕਾਰੀ ਸਾਹਮਣੇ ਆਈ ਹੈ, ਜਿਸ 'ਚ ਦੱਸਿਆ ਗਿਆ ਹੈ ਕਿ ਘਟਨਾ ਤੋਂ ਬਾਅਦ ਆਫਤਾਬ ਨੇ ਸ਼ਰਧਾ ਦੇ ਖਾਤੇ 'ਚੋਂ 55 ਹਜ਼ਾਰ ਰੁਪਏ ਕਢਵਾ ਲਏ ਸਨ। ਸੂਤਰਾਂ ਅਨੁਸਾਰ ਫਰਿੱਜ ਖਰੀਦਣ ਤੋਂ ਲੈ ਕੇ ਤੇਜ਼ਧਾਰ ਚਾਕੂ ਅਤੇ ਕੂੜੇ ਦੇ ਥੈਲੇ ਖਰੀਦਣ ਲਈ ਉਸ ਨੇ ਇਹ ਪੈਸੇ ਖਰਚੇ ਕੀਤੇ ਸਨ।