ਨਵੀਂ ਦਿੱਲੀ, 16 ਨਵੰਬਰ , ਦੇਸ਼ ਕਲਿੱਕ ਬਿਓਰੋ
ਕਾਂਗਰਸ ਨੇਤਾ ਅਜੇ ਮਾਕਨ ਨੇ ਰਾਜਸਥਾਨ ਦੇ ਇੰਚਾਰਜ ਵਜੋਂ ਬਣੇ ਰਹਿਣ ਤੋਂ ਅਸਮਰੱਥਾ ਜਤਾਈ ਹੈ| ਸੂਤਰਾਂ ਮੁਤਾਬਕ ਮਾਕਨ ਨੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਲਿਖੇ ਆਪਣੇ ਪੱਤਰ ਵਿੱਚ ਰਾਜਸਥਾਨ ਵਿੱਚ 25 ਸਤੰਬਰ ਨੂੰ ਵਾਪਰੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਹੈ।
ਸੂਤਰਾਂ ਮੁਤਾਬਕ ਮਾਕਨ ਨੇ ਖੜਗੇ ਨੂੰ ਪੱਤਰ ਲਿਖ ਕੇ ਕਿਹਾ ਕਿ ਉਹ ਰਾਜਸਥਾਨ ਦੇ ਇੰਚਾਰਜ ਬਣੇ ਨਹੀਂ ਰਹਿਣਾ ਚਾਹੁੰਦੇ। ਆਪਣੇ ਪੱਤਰ ਵਿੱਚ ਉਨ੍ਹਾਂ ਕਿਹਾ ਹੈ ਕਿ 25 ਸਤੰਬਰ ਨੂੰ ਕਾਂਗਰਸੀ ਵਿਧਾਇਕਾਂ ਸਬੰਧੀ ਵਾਪਰੀ ਘਟਨਾ ਤੋਂ ਬਾਅਦ ਰਾਜਸਥਾਨ ਵਿੱਚ ਨਵਾਂ ਇੰਚਾਰਜ ਨਿਯੁਕਤ ਕੀਤਾ ਜਾਵੇ।
ਸੂਤਰਾਂ ਨੇ ਦੱਸਿਆ ਕਿ ਅਜੈ ਮਾਕਨ ਨੇ ਪੱਤਰ 'ਚ ਜ਼ੋਰ ਦੇ ਕੇ ਕਿਹਾ ਹੈ ਕਿ ਦਸੰਬਰ ਦੇ ਪਹਿਲੇ ਹਫਤੇ ਰਾਜਸਥਾਨ 'ਚ ਹੋਣ ਵਾਲੀ ਭਾਰਤ ਜੋੜੋ ਯਾਤਰਾ ਦੇ ਮੱਦੇਨਜ਼ਰ ਜਲਦੀ ਤੋਂ ਜਲਦੀ ਨਵੇਂ ਇੰਚਾਰਜ ਦੀ ਚੋਣ ਕੀਤੀ ਜਾਵੇ। ਉਨ੍ਹਾਂ ਦਿੱਲੀ ਵਿੱਚ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨ ਦੀ ਇੱਛਾ ਪ੍ਰਗਟਾਈ।
ਕਾਂਗਰਸੀ ਆਗੂ ਨੇ ਪੱਤਰ ਵਿੱਚ ਕਿਹਾ ਕਿ ਉਹ ਪਿਛਲੀਆਂ ਤਿੰਨ ਪੀੜ੍ਹੀਆਂ ਤੋਂ ਕਾਂਗਰਸ ਦੀ ਵਿਚਾਰਧਾਰਾ ਨਾਲ ਜੁੜੇ ਹੋਏ ਹਨ। ਉਨ੍ਹਾਂ ਨੇ ਕਾਂਗਰਸ ਨਾਲ ਆਪਣੇ ਪਰਿਵਾਰਕ ਸਬੰਧਾਂ ਦਾ ਹਵਾਲਾ ਦਿੰਦੇ ਹੋਏ ਖੁਦ ਨੂੰ ਰਾਹੁਲ ਗਾਂਧੀ ਦਾ ਸਿਪਾਹੀ ਦੱਸਿਆ ਹੈ।