ਰਾਜਪਾਲ ਨੇ ਪੱਤਰਕਾਰਾਂ ਨੂੰ ਕਿਹਾ ‘ਕੈਡਰ ਮੀਡੀਆ’
ਨਵੀਂ ਦਿੱਲੀ, 8 ਨਵੰਬਰ, ਦੇਸ਼ ਕਲਿੱਕ ਬਿਓਰੋ :
ਦੇਸ਼ ਦੇ ਕਈ ਸੂਬਿਆਂ ਵਿੱਚ ਸਰਕਾਰਾਂ ਅਤੇ ਰਾਜਪਾਲ ਵਿੱਚਕਾਰ ਆਪਸੀ ਖਿੱਚੋਤਾਣ ਲਗਾਤਾਰ ਜਾਰੀ ਹੈ। ਕੇਰਲਾ, ਤਮਿਲਨਾਡੂ ਅਤੇ ਤੇਲੰਗਾਨ ਵਿੱਚ ਰਾਜਪਾਲ ਅਤੇ ਸੱਤਾਧਾਰੀ ਪਾਰਟੀਆਂ ਵਿੱਚ ਆਪਸੀ ਖਿੱਚੋਤਾਣ ਰੁਕਣ ਦਾ ਨਾਮ ਨਹੀਂ ਲਈ ਰਹੀ। ਦਿੱਲੀ ਅਤੇ ਪੰਜਾਬ ਵਿੱਚ ਵੀ ਸਰਕਾਰਾਂ ਅਤੇ ਰਾਜਪਾਲਾਂ ਵਿੱਚ ਆਪਸੀ ਖਿੱਚੋਤਾਣ ਅਜੇ ਜਾਰੀ ਹੈ। ਸਾਰੀਆਂ ਸੂਬਾ ਪਾਰਟੀਆਂ ਰਾਜਪਾਲਾਂ ਉਤੇ ਦੋਸ਼ ਲਗਾ ਰਹੀਆਂ ਹਨ ਕਿ ਰਾਜਪਾਲ ਕੇਂਦਰ ਸਰਕਾਰ ਦੇ ਇਸ਼ਾਰੇ ਉਤੇ ਕੰਮ ਕਰ ਰਹੇ ਹਨ।
ਕੇਰਲਾ ਵਿੱਚ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਰਾਜਪਾਲ ਆਰਿਫ ਮੁਹੰਮਦ ਖਾਨ ਅਤੇ ਸੀਪੀਆਈ (ਐਮ) ਦੀ ਅਗਵਾਈ ਵਾਲੀ ਸਰਕਾਰ ਵਿੱਚ ਖਿੱਚੋਤਾਣ ਲਗਾਤਾਰ ਜਾਰੀ ਹੈ। ਰਾਜਪਾਲ ਵੱਲੋਂ ਰੱਖੀ ਗਈ ਪ੍ਰੈਸ ਕਾਨਫਰੰਸ ਵਿੱਚੋਂ ਦੋ ਪੱਤਰਕਾਰਾਂ ਉਤੇ ਗੁੱਸਾ ਕੱਢਿਆ। ਏਰਨਾਕੁਲਮ ਗੈਸਟ ਹਾਊਸ ਵਿੱਚ ਰੱਖੀ ਗਈ ਪ੍ਰੈਸ ਕਾਨਫਰੰਸ ਵਿਚੋਂ ਮਲਿਆਲਮ ਟੀਵੀ ਚੈਨਲਾਂ ਦੇ ਦੋ ਪੱਤਰਕਾਰਾਂ ਨੂੰ ਬਾਹਰ ਕੱਢਿਆ ਗਿਆ।
ਰਾਜਪਾਲ ਖਾਨ ਨੇ ਦੋ ਪੱਤਰਕਾਰਾਂ ਅਤੇ ਉਨ੍ਹਾਂ ਦੇ ਚੈਨਲਾਂ ਉਤੇ ਪਿਨਾਰਾਈ ਵਿਅਜਨ ਸਰਕਾਰ ਪੱਖੀ ਹੋਣ ਦਾ ਦੋਸ਼ ਲਗਾਇਆ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਉਨ੍ਹਾਂ ਪੱਤਰਕਾਰਾਂ ਉਤੇ ਪਾਬੰਦੀ ਲਗਾਈ ਹੋਵੇ। ਇਸ ਤੋਂ ਪਹਿਲਾਂ ਵੀ ਪਿਛਲੇ ਮਹੀਨੇ ਉਨ੍ਹਾਂ ਕੁਝ ਪੱਤਰਕਾਰਾਂ ਅਤੇ ਸਮਾਚਾਰ ਆਊਟਲੇਟਸ ਨੂੰ ‘ਕੈਡਰ ਮੀਡੀਆ’ ਕਿਹਾ ਅਤੇ ਹੁਕਮ ਦਿੱਤੇ ਕਿ ਉਨ੍ਹਾਂ ਨੁੰ ਉਸਦੀ ਪ੍ਰੈਸ ਕਾਨਫਰੰਸ ਵਿੱਚ ਆਉਣ ਦੀ ਆਗਿਆ ਨਾ ਦਿੱਤੀ ਜਾਵੇ। ਕੇਰਲ ਯੂਨੀਅਨ ਆਫ ਵਰਕਿੰਗ ਜਰਨਲਿਸਟਜ਼ ਦੇ ਬੈਨਰ ਹੇਠ ਪੱਤਰਕਾਰਾਂ ਵੱਲੋਂ ਅੱਜ ਰਾਜਪਾਲ ਦੀ ਰਿਹਾਇਸ਼ ਤੱਕ ਮਾਰਚ ਕੱਢਿਆ ਗਿਆ।