ਬੰਗਲੂਰੂ,5 ਨਵੰਬਰ,ਦੇਸ਼ ਕਲਿਕ ਬਿਊਰੋ:
ਕਰਨਾਟਕ ਦੇ ਬਿਦਰ 'ਚ ਟਰੱਕ ਅਤੇ ਆਟੋ ਰਿਕਸ਼ਾ ਵਿਚਾਲੇ ਹੋਈ ਟੱਕਰ 'ਚ 7 ਔਰਤਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ 11 ਲੋਕ ਜ਼ਖਮੀ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਚਿੱਟਗੁੱਪਾ ਤਾਲੁਕ 'ਚ ਹੋਏ ਇਸ ਹਾਦਸੇ 'ਚ ਜਾਨ ਗਵਾਉਣ ਵਾਲੀਆਂ ਸਾਰੀਆਂ ਔਰਤਾਂ ਦਿਹਾੜੀਦਾਰ ਮਜ਼ਦੂਰ ਸਨ ਅਤੇ ਆਟੋ ਰਿਕਸ਼ਾ 'ਚ ਕੰਮ ਕਰਕੇ ਘਰ ਪਰਤ ਰਹੀਆਂ ਸਨ। ਇਸੇ ਦੌਰਾਨ ਬੇਮਲਾਖੇੜਾ ਸਰਕਾਰੀ ਸਕੂਲ ਨੇੜੇ ਇੱਕ ਟਰੱਕ ਨੇ ਆਟੋ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਸੱਤ ਔਰਤਾਂ ਦੀ ਮੌਤ ਹੋ ਗਈ।ਪੁਲਿਸ ਅਨੁਸਾਰ ਹਾਦਸੇ ਵਿੱਚ ਜਾਨ ਗਵਾਉਣ ਵਾਲੀਆਂ ਔਰਤਾਂ ਵਿੱਚ ਪਾਰਵਤੀ (40), ਪ੍ਰਭਾਵਤੀ (36), ਗੁੰਡਮਾ (60), ਯਾਦਮਾ (40), ਜਗਮਾ (34), ਈਸ਼ਵਰਮਾ (55) ਅਤੇ ਰੁਕਮਣੀ ਬਾਈ (60) ਸ਼ਾਮਲ ਹਨ।ਜ਼ਖ਼ਮੀਆਂ ਵਿੱਚ ਟਰੱਕ ਅਤੇ ਆਟੋ ਰਿਕਸ਼ਾ ਚਾਲਕਾਂ ਸਮੇਤ 11 ਲੋਕ ਸ਼ਾਮਲ ਹਨ। ਪੁਲਸ ਦਾ ਕਹਿਣਾ ਹੈ ਕਿ ਇਨ੍ਹਾਂ 'ਚੋਂ ਦੋ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲਿਸ ਨੇ ਹਾਦਸੇ ਸਬੰਧੀ ਮਾਮਲਾ ਦਰਜ ਕਰ ਲਿਆ ਹੈ।