ਨਵੀਂ ਦਿੱਲੀ,5 ਨਵੰਬਰ,ਦੇਸ਼ ਕਲਿਕ ਬਿਊਰੋ:
ਚੋਣ ਕਮਿਸ਼ਨ ਨੇ ਅੱਜ ਸ਼ਨੀਵਾਰ ਨੂੰ ਪੰਜ ਰਾਜਾਂ ਦੀਆਂ ਵਿਧਾਨ ਸਭਾ ਸੀਟਾਂ ਅਤੇ ਇੱਕ ਲੋਕ ਸਭਾ ਸੀਟ ਲਈ ਉਪ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਹੈ।ਕਮਿਸ਼ਨ ਮੁਤਾਬਕ ਇਨ੍ਹਾਂ ਸੀਟਾਂ 'ਤੇ 5 ਦਸੰਬਰ ਨੂੰ ਵੋਟਾਂ ਪੈਣਗੀਆਂ, ਜਦਕਿ ਜ਼ਿਮਨੀ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਹਿਮਾਚਲ ਅਤੇ ਗੁਜਰਾਤ ਚੋਣਾਂ ਦੀ ਗਿਣਤੀ ਦੇ ਨਾਲ-ਨਾਲ 8 ਦਸੰਬਰ ਨੂੰ ਹੋਵੇਗੀ।ਜਿਨ੍ਹਾਂ ਪੰਜ ਰਾਜਾਂ 'ਚ ਚੋਣਾਂ ਦਾ ਐਲਾਨ ਕੀਤਾ ਗਿਆ ਹੈ, ਉਨ੍ਹਾਂ 'ਚ ਓਡੀਸ਼ਾ 'ਚ ਪਦਮਪੁਰ, ਰਾਜਸਥਾਨ 'ਚ ਸਰਦਾਰਸ਼ਹਿਰ, ਬਿਹਾਰ 'ਚ ਕੁਰਹਾਨੀ, ਛੱਤੀਸਗੜ੍ਹ 'ਚ ਭਾਨੁਪ੍ਰਤਾਪਪੁਰ ਅਤੇ ਉੱਤਰ ਪ੍ਰਦੇਸ਼ 'ਚ ਰਾਮਪੁਰ ਸ਼ਾਮਲ ਹਨ। ਇਸ ਤੋਂ ਇਲਾਵਾ ਜਿਸ ਸੰਸਦੀ ਸੀਟ 'ਤੇ ਉਪ ਚੋਣਾਂ ਹੋਣੀਆਂ ਹਨ, ਉਹ ਉੱਤਰ ਪ੍ਰਦੇਸ਼ ਦੀ ਮੈਨਪੁਰੀ ਸੀਟ ਹੈ, ਜੋ ਸਪਾ ਮੁਖੀ ਮੁਲਾਇਮ ਸਿੰਘ ਯਾਦਵ ਦੀ ਮੌਤ ਤੋਂ ਬਾਅਦ ਖਾਲੀ ਹੋਈ ਸੀ।ਚੋਣ ਕਮਿਸ਼ਨ ਮੁਤਾਬਕ ਜ਼ਿਮਨੀ ਚੋਣਾਂ ਲਈ ਗਜ਼ਟ ਨੋਟੀਫਿਕੇਸ਼ਨ 10 ਨਵੰਬਰ ਨੂੰ ਜਾਰੀ ਕੀਤਾ ਜਾਵੇਗਾ।ਨਾਮਜ਼ਦਗੀਆਂ ਦੀ ਆਖਰੀ ਮਿਤੀ 17 ਨਵੰਬਰ ਹੈ। ਉਮੀਦਵਾਰੀ ਵਾਪਸ ਲੈਣ ਦੀ ਆਖਰੀ ਮਿਤੀ 21 ਨਵੰਬਰ ਹੈ। ਇਸ ਦੇ ਨਾਲ ਹੀ ਜ਼ਿਮਨੀ ਚੋਣ ਲਈ ਵੋਟਿੰਗ 5 ਦਸੰਬਰ ਨੂੰ ਹੋਵੇਗੀ। ਵੋਟਾਂ ਦੀ ਗਿਣਤੀ 8 ਦਸੰਬਰ ਨੂੰ ਤੈਅ ਕੀਤੀ ਗਈ ਹੈ। ਗੌਰਤਲਬ ਹੈ ਕਿ ਹਿਮਾਚਲ ਅਤੇ ਗੁਜਰਾਤ ਚੋਣਾਂ ਦੇ ਨਤੀਜੇ ਵੀ ਇਸੇ ਦਿਨ ਐਲਾਨੇ ਜਾਣਗੇ।