ਭੋਪਾਲ, 4 ਨਵੰਬਰ, ਦੇਸ਼ ਕਲਿਕ ਬਿਊਰੋ :
ਮੱਧ ਪ੍ਰਦੇਸ਼ 'ਚ ਵੀਰਵਾਰ ਦੇਰ ਰਾਤ ਇਕ ਭਿਆਨਕ ਸੜਕ ਹਾਦਸੇ 'ਚ 11 ਲੋਕਾਂ ਦੀ ਮੌਤ ਹੋ ਗਈ, ਜਦਕਿ ਇਕ ਵਿਅਕਤੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਹ ਹਾਦਸਾ ਬੈਤੂਲ ਜ਼ਿਲ੍ਹੇ ਦੇ ਝੱਲਰ ਥਾਣੇ ਨੇੜੇ ਵਾਪਰਿਆ। ਦੇਰ ਰਾਤ ਬੱਸ ਅਤੇ ਕਾਰ ਦੀ ਟੱਕਰ ਵਿੱਚ 11 ਲੋਕਾਂ ਦੀ ਮੌਤ ਹੋ ਗਈ। ਜ਼ਖਮੀ ਵਿਅਕਤੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਮਰਨ ਵਾਲਿਆਂ ਵਿੱਚ ਪੰਜ ਪੁਰਸ਼, ਚਾਰ ਔਰਤਾਂ ਅਤੇ ਦੋ ਬੱਚੇ ਸ਼ਾਮਲ ਹਨ। ਬੈਤੂਲ ਦੇ ਐਸਪੀ ਸਿਮਲਾ ਪ੍ਰਸਾਦ ਨੇ ਹਾਦਸੇ ਦੀ ਜਾਣਕਾਰੀ ਦਿੱਤੀ।ਦੱਸਿਆ ਜਾ ਰਿਹਾ ਹੈ ਕਿ ਕਾਰ 'ਚ ਸਵਾਰ ਸਾਰੇ ਲੋਕ ਮਹਾਰਾਸ਼ਟਰ ਦੇ ਅਮਰਾਵਤੀ ਤੋਂ ਆਪਣੇ ਘਰ ਜਾ ਰਹੇ ਸਨ ਕਿ ਰਸਤੇ 'ਚ ਟਵੇਰਾ ਕਾਰ ਚਾਲਕ ਦੀ ਝਪਕੀ ਲੱਗ ਗਈ ਅਤੇ ਕਾਰ ਸਾਹਮਣੇ ਤੋਂ ਆ ਰਹੀ ਬੱਸ ਨਾਲ ਟਕਰਾ ਗਈ। ਹਾਦਸੇ 'ਚ ਕਾਰ ਦੇ ਪਰਖੱਚੇ ਉੱਡ ਗਏ। ਕਾਰ ਦੀ ਤਸਵੀਰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹਾਦਸਾ ਕਾਫੀ ਭਿਆਨਕ ਸੀ। ਫਿਲਹਾਲ ਇਹ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਹਾਦਸੇ 'ਚ ਜਾਨ ਗਵਾਉਣ ਵਾਲੇ ਲੋਕ ਸੂਬੇ ਦੇ ਸਨ ਜਾਂ ਕਿਸੇ ਹੋਰ ਥਾਂ ਦੇ ਸਨ।