ਮਥੂਰਾ,3 ਨਵੰਬਰ,ਦੇਸ਼ ਕਲਿਕ ਬਿਊਰੋ:
ਅੱਜ ਵੀਰਵਾਰ ਤੜਕੇ ਮਥੁਰਾ ਦੇ ਵ੍ਰਿੰਦਾਵਨ ਦੇ ਗਾਰਡਨ ਹੋਟਲ 'ਚ ਭਿਆਨਕ ਅੱਗ ਲੱਗ ਗਈ। ਹਾਦਸੇ ਵਿੱਚ ਦੋ ਮੁਲਾਜ਼ਮ ਜ਼ਿੰਦਾ ਸੜ ਗਏ। ਜਦਕਿ ਇੱਕ ਮੁਲਾਜ਼ਮ ਝੁਲਸ ਗਿਆ।ਝੁਲ਼ਸੇ ਮੁਲਜ਼ਮ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਸ ਨੂੰ ਐਸਐਨ ਮੈਡੀਕਲ ਕਾਲਜ ਆਗਰਾ ਰੈਫਰ ਕਰ ਦਿੱਤਾ ਗਿਆ ਹੈ।ਜਾਣਕਾਰੀ ਅਨੁਸਾਰ ਹੋਟਲ ਦੀ ਉਪਰਲੀ ਮੰਜ਼ਿਲ 'ਤੇ ਸਥਿਤ ਗੋਦਾਮ 'ਚ ਅੱਗ ਲੱਗ ਗਈ ਤੇ ਹੌਲੀ-ਹੌਲੀ ਇਹ ਹੇਠਾਂ ਤੱਕ ਪਹੁੰਚਣ ਲੱਗੀ।ਅੱਗ ਲੱਗਣ ਦਾ ਪਤਾ ਲੱਗਦੇ ਹੀ ਹੋਟਲ 'ਚੋਂ 100 ਸੈਲਾਨੀਆਂ ਨੂੰ ਬਚਾਇਆ ਗਿਆ ਅਤੇ ਬਾਹਰ ਕੱਢ ਲਿਆ ਗਿਆ। ਹੋਟਲ ਸਟਾਫ਼ ਅਤੇ ਆਸਪਾਸ ਦੇ ਲੋਕਾਂ ਨੇ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਅੱਗ ਲੱਗਣ ਦੀ ਸੂਚਨਾ ਦਿੱਤੀ ਸੀ। ਜਿਵੇਂ ਹੀ ਫਾਇਰ ਬ੍ਰਿਗੇਡ ਪਹੁੰਚੀ, ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ।ਹੋਟਲ ਵਿੱਚ ਮੌਜੂਦ ਜਿੰਨ੍ਹਾਂ ਦੋ ਮੁਲਾਜ਼ਮਾਂ ਦੀ ਮੌਤ ਹੋਈ ਹੈ ਉਨ੍ਹਾਂ ਦੀ ਪਛਾਣ ਉਮੇਸ਼ (30) ਵਾਸੀ ਮਥੁਰਾ ਅਤੇ ਵੀਰੀ ਸਿੰਘ (40) ਵਾਸੀ ਕਾਸਗੰਜ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਸਟੋਰ 'ਚ ਹੀ ਸੁੱਤੇ ਹੋਏ ਸਨ, ਉਨ੍ਹਾਂ ਨੂੰ ਉਥੇ ਲੱਗੀ ਅੱਗ ਤੋਂ ਬਚਣ ਦਾ ਮੌਕਾ ਨਹੀਂ ਮਿਲਿਆ। ਦੋਵੇਂ ਜਿਉਂਦੇ ਸੜ ਕੇ ਮਰ ਗਏ।