ਪਟਨਾ, 29 ਅਕਤੂਬਰ, ਦੇਸ਼ ਕਲਿਕ ਬਿਊਰੋ:
ਬਿਹਾਰ ਦੇ ਔਰੰਗਾਬਾਦ 'ਚ ਗੈਸ ਸਿਲੰਡਰ ਫਟਣ ਕਾਰਨ 7 ਪੁਲਸ ਕਰਮਚਾਰੀਆਂ ਸਮੇਤ 30 ਲੋਕ ਝੁਲਸ ਗਏ ਹਨ। ਇਨ੍ਹਾਂ ਵਿੱਚੋਂ 10 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਹਾਦਸਾ ਸ਼ੁੱਕਰਵਾਰ ਰਾਤ 2:30 ਵਜੇ ਵਾਪਰਿਆ। ਨਗਰ ਥਾਣਾ ਖੇਤਰ ਦੇ ਸਾਹਬਗੰਜ ਇਲਾਕੇ ਦੇ ਵਾਰਡ ਨੰਬਰ 24 ਵਿੱਚ ਅਨਿਲ ਗੋਸਵਾਮੀ ਦੇ ਘਰ ਛਠ ਪੂਜਾ ਚੱਲ ਰਹੀ ਸੀ। ਪਰਿਵਾਰ ਦੇ ਸਾਰੇ ਮੈਂਬਰ ਪ੍ਰਸ਼ਾਦ ਬਣਾਉਣ ਵਿੱਚ ਰੁੱਝੇ ਹੋਏ ਸਨ। ਫਿਰ ਅਚਾਨਕ ਗੈਸ ਲੀਕ ਹੋਣ ਕਾਰਨ ਅੱਗ ਲੱਗ ਗਈ। ਜਿਸ ਤੋਂ ਬਾਅਦ ਇਲਾਕੇ 'ਚ ਭਗਦੜ ਮੱਚ ਗਈ। ਆਸਪਾਸ ਦੇ ਲੋਕਾਂ ਨੇ ਅੱਗ ਬੁਝਾਉਣੀ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਗਸ਼ਤ ਕਰ ਰਹੀ ਪੁਲੀਸ ਟੀਮ ਵੀ ਉਥੇ ਪੁੱਜ ਗਈ।ਜਿਵੇਂ ਹੀ ਪੁਲਿਸ ਮੁਲਾਜ਼ਮਾਂ ਨੇ ਅੱਗ ਬੁਝਾਉਣ ਲਈ ਸਿਲੰਡਰ 'ਤੇ ਪਾਣੀ ਪਾਇਆ ਤਾਂ ਇਹ ਫਟ ਗਿਆ।ਘਰ ਦੇ ਮਾਲਕ ਅਨਿਲ ਗੋਸਵਾਮੀ ਨੇ ਦੱਸਿਆ ਕਿ ਅਸੀਂ ਰਾਤ ਨੂੰ ਛੱਤ 'ਤੇ ਸੀ। ਮੇਰੀ ਪਤਨੀ ਛਠ ਪੂਜਾ ਲਈ ਪ੍ਰਸ਼ਾਦ ਬਣਾ ਰਹੀ ਸੀ। ਜਦੋਂ ਤੱਕ ਅਸੀਂ ਹੇਠਾਂ ਆਏ, ਅੱਗ ਲੱਗ ਚੁੱਕੀ ਸੀ। ਕੁਝ ਦੇਰ ਬਾਅਦ ਸਿਲੰਡਰ 'ਚ ਜ਼ੋਰਦਾਰ ਧਮਾਕਾ ਹੋਇਆ।ਘਟਨਾ ਤੋਂ ਬਾਅਦ ਸਦਰ ਹਸਪਤਾਲ 'ਚ ਦਾਖਲ ਲੋਕਾਂ ਦਾ ਡਾਕਟਰਾਂ ਨੇ ਇਲਾਜ ਕੀਤਾ। ਇਸ ਦੇ ਨਾਲ ਹੀ 10 ਜ਼ਖਮੀਆਂ ਨੂੰ ਸਦਰ ਹਸਪਤਾਲ ਦੇ ਡਾਕਟਰਾਂ ਨੇ ਗੰਭੀਰ ਹਾਲਤ 'ਚ ਰੈਫਰ ਕਰ ਦਿੱਤਾ। ਬਾਕੀ ਜ਼ਖਮੀਆਂ ਦਾ ਇਲਾਜ ਸਦਰ ਹਸਪਤਾਲ 'ਚ ਚੱਲ ਰਿਹਾ ਹੈ।