ਭੋਪਾਲ, 26 ਅਕਤੂਬਰ, ਦੇਸ਼ ਕਲਿਕ ਬਿਊਰੋ :
ਅੱਜ ਬੁੱਧਵਾਰ ਤੜਕੇ ਮੱਧ ਪ੍ਰਦੇਸ਼ ਦੇ ਖਰਗੋਨ ਵਿੱਖੇ ਪੈਟਰੋਲ ਅਤੇ ਡੀਜ਼ਲ ਨਾਲ ਭਰਿਆ ਇੱਕ ਟੈਂਕਰ ਪਲਟ ਗਿਆ। ਇਸ ਦੌਰਾਨ ਹਾਦਸੇ ਨੂੰ ਵੇਖਣ ਲਈ ਪਿੰਡ ਵਾਸੀਆਂ ਦੀ ਭੀੜ ਲੱਗ ਗਈ। ਉਦੋਂ ਟੈਂਕਰ ਵਿੱਚ ਜ਼ੋਰਦਾਰ ਧਮਾਕਾ ਹੋਇਆ। ਹਾਦਸਾ ਇੰਨਾ ਭਿਆਨਕ ਸੀ ਕਿ ਇਕ 20 ਸਾਲਾ ਲੜਕੀ ਦਾ ਪਿੰਜਰ ਹੀ ਬਚਿਆ। ਉਸਦੇ ਨਾਲ ਹੀ ਉੱਥੇ ਮੌਜੂਦ 22 ਤੋਂ ਵੱਧ ਲੋਕ ਜ਼ਖਮੀ ਹੋ ਗਏ।ਇਹ ਹਾਦਸਾ ਬਿਸਤਾਨ ਥਾਣਾ ਖੇਤਰ ਦੇ ਮੋਗਰਗਾਂਵ-ਗੜ੍ਹੀ ਰੋਡ 'ਤੇ ਸਥਿਤ ਪਿੰਡ ਅੰਜਨਗਾਂਵ 'ਚ ਵਾਪਰਿਆ। ਇੱਥੇ ਮੋੜ ’ਤੇ ਟੈਂਕਰ ਬੇਕਾਬੂ ਹੋ ਕੇ ਪਲਟ ਗਿਆ। ਡਰਾਈਵਰ ਅਤੇ ਕਲੀਨਰ ਫਰਾਰ ਹਨ। ਟੈਂਕਰ ਝਿਰਨੀਆ ਜਾ ਰਿਹਾ ਸੀ। ਇਹ ਧਮਾਕਾ ਟੈਂਕਰ ਦੇ ਪਲਟਣ ਦੇ ਕਰੀਬ ਦੋ ਘੰਟੇ ਬਾਅਦ ਹੋਇਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਗਈ। ਫਾਇਰ ਬ੍ਰਿਗੇਡ ਨੇ ਅੱਗ 'ਤੇ ਕਾਬੂ ਪਾਇਆ। ਪੁਲੀਸ ਨੇ ਜ਼ਖ਼ਮੀਆਂ ਨੂੰ 108 ਐਂਬੂਲੈਂਸ ਰਾਹੀਂ ਜ਼ਿਲ੍ਹਾ ਹਸਪਤਾਲ ਪਹੁੰਚਾਇਆ। ਜ਼ਖ਼ਮੀਆਂ ਵਿੱਚ 7 ਬੱਚੇ ਅਤੇ 15 ਮਰਦ-ਔਰਤਾਂ ਸ਼ਾਮਲ ਹਨ। 8 ਲੋਕ ਗੰਭੀਰ ਹਨ, ਜਿਨ੍ਹਾਂ ਨੂੰ ਇੰਦੌਰ ਰੈਫਰ ਕਰ ਦਿੱਤਾ ਗਿਆ ਹੈ।