ਲਖਨਊ, 23 ਅਕਤੂਬਰ, ਦੇਸ਼ ਕਲਿਕ ਬਿਊਰੋ:
ਉੱਤਰ ਪ੍ਰਦੇਸ਼ ਦੇ ਇਟਾਵਾ ਜ਼ਿਲ੍ਹੇ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਆਗਰਾ-ਲਖਨਊ ਐਕਸਪ੍ਰੈਸ ਵੇਅ 'ਤੇ ਇੱਕ ਡਬਲ ਡੈਕਰ ਬੱਸ ਚੱਲਦੇ ਕੰਟੇਨਰ ਨਾਲ ਟਕਰਾ ਗਈ। ਇਸ ਦਰਦਨਾਕ ਹਾਦਸੇ ਵਿੱਚ ਚਾਰ ਯਾਤਰੀਆਂ ਦੀ ਮੌਤ ਹੋ ਗਈ। ਜਦਕਿ 42 ਯਾਤਰੀ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।ਜਾਣਕਾਰੀ ਅਨੁਸਾਰ ਆਗਰਾ-ਲਖਨਊ ਐਕਸਪ੍ਰੈੱਸ ਵੇਅ 'ਤੇ ਇਟਾਵਾ 'ਚ ਸੈਫਈ ਦੇ ਚੈਨਲ ਨੰਬਰ 103 ਨੇੜੇ ਇਕ ਤੇਜ਼ ਰਫਤਾਰ ਡਬਲ ਡੈਕਰ ਬੱਸ ਚੱਲਦੇ ਕੰਟੇਨਰ ਨਾਲ ਟਕਰਾ ਗਈ। ਇਸ ਹਾਦਸੇ 'ਚ 4 ਯਾਤਰੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 42 ਯਾਤਰੀ ਜ਼ਖਮੀ ਹੋ ਗਏ। ਜ਼ਖ਼ਮੀਆਂ ਨੂੰ ਐਂਬੂਲੈਂਸ ਰਾਹੀਂ ਸੈਫ਼ਈ ਮੈਡੀਕਲ ਕਾਲਜ ਵਿੱਚ ਦਾਖ਼ਲ ਕਰਵਾਇਆ ਗਿਆ। ਹਾਦਸਾ ਰਾਤ ਢਾਈ ਵਜੇ ਦੇ ਕਰੀਬ ਵਾਪਰਿਆ।ਜਾਣਕਾਰੀ ਮੁਤਾਬਕ ਪ੍ਰਾਈਵੇਟ ਬੱਸ ਗੋਰਖਪੁਰ ਤੋਂ ਅਜਮੇਰ ਜਾ ਰਹੀ ਸੀ। ਜਿਵੇਂ ਹੀ ਚੈਨਲ 103 ਨੰਬਰ ਦੇ ਨੇੜੇ ਪਹੁੰਚੀ ਤਾਂ ਹਾਦਸਾ ਵਾਪਰ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਸੈਫਈ ਦੇ ਇੰਸਪੈਕਟਰ ਰਮੇਸ਼ ਸਿੰਘ ਮੌਕੇ 'ਤੇ ਪਹੁੰਚ ਗਏ। ਇਸ ਤੋਂ ਬਾਅਦ ਡੀਐਮ ਅਤੇ ਐਸਐਸਪੀ ਪੁਲੀਸ ਫੋਰਸ ਨਾਲ ਪੁੱਜੇ।ਹਾਦਸਾ ਇੰਨਾ ਭਿਆਨਕ ਸੀ ਕਿ ਤਿੰਨ ਘੰਟੇ ਦੀ ਸਖਤ ਮਿਹਨਤ ਤੋਂ ਬਾਅਦ ਤਿੰਨ ਕ੍ਰੇਨਾਂ ਦੀ ਮਦਦ ਨਾਲ ਬੱਸ 'ਚ ਫਸੇ ਜ਼ਖਮੀਆਂ ਨੂੰ ਬਾਹਰ ਕੱਢਿਆ ਗਿਆ। ਬੱਸ ਵਿੱਚ 60 ਲੋਕ ਸਵਾਰ ਸਨ।