ਭੂਪਾਲ, 22 ਅਕਤੂਬਰ, ਦੇਸ਼ ਕਲਿਕ ਬਿਊਰੋ :
ਮੱਧ ਪ੍ਰਦੇਸ਼ ਦੇ ਰੀਵਾ ਨੇੜੇ ਨੈਸ਼ਨਲ ਹਾਈਵੇ-30 'ਤੇ ਭਿਆਨਕ ਸੜਕ ਹਾਦਸਾ ਵਾਪਰਿਆ। ਇਸ 'ਚ 15 ਲੋਕਾਂ ਦੀ ਮੌਤ ਹੋ ਗਈ ਹੈ ਤੇ 40 ਲੋਕ ਜ਼ਖਮੀ ਹੋਏ ਹਨ। ਰਾਹਗੀਰਾਂ ਦੀ ਸੂਚਨਾ 'ਤੇ ਪੁਲਸ ਮੌਕੇ 'ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ। ਜਾਣਕਾਰੀ ਮੁਤਾਬਕ ਯੂਪੀ ਪਾਸਿੰਗ ਬੱਸ ਸ਼ੁੱਕਰਵਾਰ ਰਾਤ ਨੂੰ ਹੈਦਰਾਬਾਦ ਤੋਂ ਗੋਰਖਪੁਰ ਜਾ ਰਹੀ ਸੀ। ਰਾਤ ਕਰੀਬ 11.30 ਵਜੇ ਬੱਸ ਟਰਾਲੇ ਨਾਲ ਟਕਰਾ ਗਈ। ਮੁੱਢਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਅੱਗੇ ਚੱਲ ਰਹੇ ਟਰਾਲੇ ਨੇ ਅਚਾਨਕ ਬ੍ਰੇਕ ਲਗਾ ਦਿੱਤੀ, ਜਿਸ ਕਾਰਨ ਇਹ ਬੱਸ ਸਿੱਧੀ ਟਰਾਲੇ ਵਿੱਚ ਜਾ ਵੱਜੀ।ਬੱਸ ਵਿੱਚ ਸਾਰੇ ਮਜ਼ਦੂਰ ਸਵਾਰ ਸਨ, ਜੋ ਦੀਵਾਲੀ ਮਨਾਉਣ ਲਈ ਆਪਣੇ ਘਰਾਂ ਨੂੰ ਜਾ ਰਹੇ ਸਨ। ਇਸ ਹਾਦਸੇ 'ਚ ਕਰੀਬ 40 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਇਸ ਦੇ ਨਾਲ ਹੀ 15 ਲੋਕਾਂ ਦੀ ਜਾਨ ਚਲੀ ਗਈ। ਹਾਦਸੇ ਤੋਂ ਬਾਅਦ ਕੈਬਿਨ 'ਚ ਕੁਝ ਲੋਕ ਫਸ ਗਏ, ਜਿਨ੍ਹਾਂ ਨੂੰ ਕਾਫੀ ਮੁਸ਼ੱਕਤ ਤੋਂ ਬਾਅਦ ਬਾਹਰ ਕੱਢਿਆ ਗਿਆ। ਰੀਵਾ ਦੇ ਪੁਲਿਸ ਸੁਪਰਡੈਂਟ ਨਵਨੀਤ ਭਸੀਨ ਨੇ ਕਿਹਾ ਹੈ ਕਿ 15 ਲੋਕਾਂ ਦੀ ਮੌਤ ਹੋ ਗਈ ਹੈ। ਸਾਰੇ ਲੋਕ ਉੱਤਰ ਪ੍ਰਦੇਸ਼ ਦੇ ਦੱਸੇ ਜਾ ਰਹੇ ਹਨ। ਬੱਸ ਹੈਦਰਾਬਾਦ ਤੋਂ ਗੋਰਖਪੁਰ ਜਾ ਰਹੀ ਸੀ। ਇਹ ਹਾਦਸਾ ਰੀਵਾ ਦੇ ਸੁਹਾਗੀ ਪਹਾੜੀ ਨੇੜੇ ਵਾਪਰਿਆ। 40 ਜ਼ਖਮੀਆਂ 'ਚੋਂ 20 ਨੂੰ ਪ੍ਰਯਾਗਰਾਜ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।