ਨਵੀਂ ਦਿੱਲੀ, 22 ਅਕਤੂਬਰ, ਦੇਸ਼ ਕਲਿਕ ਬਿਊਰੋ :
ਪ੍ਰਧਾਨ ਮੰਤਰੀ ਨਰਿੰਦਰ ਮੋਦੀ 22 ਅਕਤੂਬਰ ਨੂੰ 10 ਲੱਖ ਕੇਂਦਰ ਸਰਕਾਰ ਦੀਆਂ ਅਸਾਮੀਆਂ ਦੀ ਭਰਤੀ ਲਈ ਨੌਕਰੀ ਮੇਲੇ ਦੀ ਸ਼ੁਰੂਆਤ ਕਰਨਗੇ। ਪ੍ਰਧਾਨ ਮੰਤਰੀ 75 ਹਜ਼ਾਰ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪ ਕੇ ਦੇਸ਼ ਵਿੱਚ ਰੁਜ਼ਗਾਰ ਦੀ ਇਸ ਸਭ ਤੋਂ ਵੱਡੀ ਮੁਹਿੰਮ ਦੀ ਸ਼ੁਰੂਆਤ ਕਰਨਗੇ। ਮੇਲਾ ਸਵੇਰੇ 11 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਸ਼ੁਰੂ ਹੋਵੇਗਾ।ਸਰਕਾਰ ਇਸ ਮੁਹਿੰਮ ਤਹਿਤ ਅਗਲੇ 18 ਮਹੀਨਿਆਂ ਵਿੱਚ ਇਨ੍ਹਾਂ ਸਾਰੀਆਂ ਖਾਲੀ ਅਸਾਮੀਆਂ ਨੂੰ ਭਰੇਗੀ। ਕੇਂਦਰ ਦੇ ਸਾਰੇ ਵਿਭਾਗ ਇਸ ਲਈ ਜੰਗੀ ਪੱਧਰ 'ਤੇ ਕੰਮ ਕਰ ਰਹੇ ਹਨ। ਜੂਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਂਦਰ ਦੇ ਸਾਰੇ ਮੰਤਰਾਲਿਆਂ ਅਤੇ ਵਿਭਾਗਾਂ ਨੂੰ ਇਸ ਦਿਸ਼ਾ ਵਿੱਚ ਕੰਮ ਕਰਨ ਦੇ ਨਿਰਦੇਸ਼ ਦਿੱਤੇ ਸਨ। ਰੁਜ਼ਗਾਰ ਮੇਲੇ ਤਹਿਤ ਦੇਸ਼ ਭਰ ਵਿੱਚੋਂ ਚੁਣੇ ਗਏ ਨੌਜਵਾਨਾਂ ਨੂੰ ਭਾਰਤ ਸਰਕਾਰ ਦੇ 38 ਮੰਤਰਾਲਿਆਂ ਅਤੇ ਵਿਭਾਗਾਂ ਵਿੱਚ ਨਿਯੁਕਤ ਕੀਤਾ ਜਾਵੇਗਾ। ਨਵੇਂ ਭਰਤੀ ਕੀਤੇ ਮੁਲਾਜ਼ਮ ਵੱਖ-ਵੱਖ ਪੱਧਰਾਂ 'ਤੇ ਕੇਂਦਰ ਸਰਕਾਰ 'ਚ ਸ਼ਾਮਲ ਹੋਣਗੇ।ਇਨ੍ਹਾਂ ਵਿੱਚ ਗਰੁੱਪ-ਏ, ਗਰੁੱਪ-ਬੀ (ਗਜ਼ਟਿਡ), ਗਰੁੱਪ-ਬੀ (ਨਾਨ-ਗਜ਼ਟਿਡ) ਅਤੇ ਗਰੁੱਪ-ਸੀ ਨਿਯੁਕਤੀਆਂ ਦੇ ਨਾਲ-ਨਾਲ ਕੇਂਦਰੀ ਹਥਿਆਰਬੰਦ ਬਲਾਂ ਦੇ ਕਰਮਚਾਰੀ, ਸਬ-ਇੰਸਪੈਕਟਰ, ਕਾਂਸਟੇਬਲ, ਜੂਨੀਅਰ ਕਲਰਕ (ਐਲਡੀਸੀ), ਸਟੈਨੋ, ਪੀ.ਏ., ਆਮਦਨ ਟੈਕਸ ਇੰਸਪੈਕਟਰ, MTS ਵਰਗੀਆਂ ਰੇਲਵੇ ਪੋਸਟਾਂ ਸ਼ਾਮਲ ਹਨ।