ਨਵੀਂ ਦਿੱਲੀ, 19 ਅਕਤੂਬਰ, ਦੇਸ਼ ਕਲਿਕ ਬਿਊਰੋ:
ਕਾਂਗਰਸ ਦੇ ਕੌਮੀ ਪ੍ਰਧਾਨ ਦੀ ਚੋਣ ਲਈ ਵੋਟਾਂ ਦੀ ਗਿਣਤੀ ਅੱਜ ਆਲ ਇੰਡੀਆ ਕਾਂਗਰਸ ਕਮੇਟੀ (ਏ.ਆਈ.ਸੀ.ਸੀ.) ਦੇ ਦਫ਼ਤਰ 24 ਅਕਬਰ ਰੋਡ, ਨਵੀਂ ਦਿੱਲੀ ਵਿਖੇ ਹੋਵੇਗੀ। ਮਲਿਕਾਰਜੁਨ ਖੜਗੇ ਅਤੇ ਸ਼ਸ਼ੀ ਥਰੂਰ ਚੋਣਾਂ ਵਿੱਚ ਆਹਮੋ-ਸਾਹਮਣੇ ਹਨ, ਪਰ ਰੁਝਾਨ ਖੜਗੇ ਦੀ ਜਿੱਤ ਦਾ ਸੰਕੇਤ ਦਿੰਦੇ ਹਨ ਕਿਉਂਕਿ ਉਨ੍ਹਾਂ ਨੂੰ ਗਾਂਧੀ ਪਰਿਵਾਰ ਦਾ ਸਮਰਥਨ ਪ੍ਰਾਪਤ ਹੈ। ਚੋਣ ਵਿੱਚ 9900 ਵੋਟਰਾਂ ਵਿੱਚੋਂ 9500 ਨੇ ਆਪਣੀ ਵੋਟ ਪਾਈ ਸੀ। ਗਿਣਤੀ ਸਵੇਰੇ 10 ਵਜੇ ਸ਼ੁਰੂ ਹੋਵੇਗੀ।17 ਅਕਤੂਬਰ ਨੂੰ ਵੋਟਿੰਗ ਤੋਂ ਬਾਅਦ ਸਾਰੇ ਬੂਥਾਂ ਤੋਂ ਬੈਲਟ ਬਕਸੇ ਏ.ਆਈ.ਸੀ.ਸੀ. ਦਫ਼ਤਰ ਵਿਖੇ ਮੰਗਵਾਏ ਗਏ ਸਨ।ਅੱਜ ਬੁੱਧਵਾਰ ਨੂੰ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਤੋਂ ਪਹਿਲਾਂ ਬੈਲਟ ਪੇਪਰਾਂ ਨੂੰ ਮਿਲਾ ਦਿੱਤਾ ਜਾਵੇਗਾ ਤਾਂ ਜੋ ਇਹ ਪਤਾ ਨਾ ਲੱਗ ਸਕੇ ਕਿ ਕਿਸ ਉਮੀਦਵਾਰ ਨੂੰ ਕਿਸ ਸੂਬੇ ਤੋਂ ਕਿੰਨੀਆਂ ਵੋਟਾਂ ਮਿਲੀਆਂ ਹਨ। ਇਸ ਤੋਂ ਬਾਅਦ ਵੋਟਾਂ ਦੀ ਛਾਂਟੀ ਕੀਤੀ ਜਾਵੇਗੀ, ਫਿਰ 50-50 ਵੋਟਾਂ ਦੀਆਂ ਗੱਟੀਆਂ ਬਣਾ ਕੇ ਗਿਣਤੀ ਕੀਤੀ ਜਾਵੇਗੀ।