ਗਾਂਧੀਨਗਰ, 18 ਅਕਤੂਬਰ, ਦੇਸ਼ ਕਲਿਕ ਬਿਊਰੋ:
ਗੁਜਰਾਤ ਦੇ ਵਡੋਦਰਾ 'ਚ ਕਪੂਰਾਈ ਪੁਲ ਨੈਸ਼ਨਲ ਹਾਈਵੇ 'ਤੇ ਅੱਜ ਮੰਗਲਵਾਰ ਨੂੰ ਇਕ ਲਗਜ਼ਰੀ ਬੱਸ ਅਤੇ ਟਰੇਲਰ ਵਿਚਾਲੇ ਵੱਡਾ ਹਾਦਸਾ ਵਾਪਰ ਗਿਆ। ਇਸ ਹਾਦਸੇ 'ਚ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ ਅਤੇ 15 ਗੰਭੀਰ ਜ਼ਖਮੀ ਹੋ ਗਏ। ਅਧਿਕਾਰੀ ਮੁਤਾਬਕ ਇਹ ਹਾਦਸਾ ਅੱਜ ਸਵੇਰੇ 4 ਵਜੇ ਦੇ ਕਰੀਬ ਉਸ ਸਮੇਂ ਵਾਪਰਿਆ ਜਦੋਂ ਇਕ ਲਗਜ਼ਰੀ ਬੱਸ ਰਾਜਸਥਾਨ ਤੋਂ ਸੂਰਤ ਜਾ ਰਹੀ ਸੀ। ਫਿਲਹਾਲ ਸਿਟੀ ਟਰੈਫਿਕ ਪੁਲਸ ਅਤੇ ਬਚਾਅ ਟੀਮ ਮੌਕੇ 'ਤੇ ਪਹੁੰਚ ਗਏ ਹਨ। ਜ਼ਖਮੀਆਂ ਨੂੰ ਇਲਾਜ ਲਈ SSG ਹਸਪਤਾਲ ਲਿਜਾਇਆ ਗਿਆ ਹੈ।ਪਾਣੀਗੇਟ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਹਾਈਵੇਅ 'ਤੇ ਇਕ ਪੁਲ ਉੱਤੇ ਓਵਰਟੇਕ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਇਸ ਨੇ ਪਿੱਛੇ ਤੋਂ ਟ੍ਰੇਲਰ ਨੂੰ ਟੱਕਰ ਮਾਰ ਦਿੱਤੀ। ਪੁਲਿਸ ਦੇ ਡਿਪਟੀ ਕਮਿਸ਼ਨਰ (ਜ਼ੋਨ-3) ਯਸ਼ਪਾਲ ਜਗਨੀਆਂ ਨੇ ਦੱਸਿਆ ਕਿ ਹਾਦਸੇ ਵਿੱਚ ਛੇ ਯਾਤਰੀਆਂ ਦੀ ਮੌਤ ਹੋ ਗਈ ਅਤੇ ਕਰੀਬ 15 ਹੋਰ ਜ਼ਖ਼ਮੀ ਹੋ ਗਏ।ਉਨ੍ਹਾਂ ਦੱਸਿਆ ਕਿ ਚਾਰ ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਦੋ ਹੋਰਾਂ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ। ਪੁਲਿਸ ਨੇ ਦੱਸਿਆ ਕਿ ਮਰਨ ਵਾਲਿਆਂ ਵਿੱਚ ਇੱਕ ਬੱਚਾ, ਇੱਕ ਔਰਤ ਅਤੇ ਚਾਰ ਪੁਰਸ਼ ਸ਼ਾਮਲ ਹਨ।