ਨਵੀਂ ਦਿੱਲੀ,17 ਅਕਤੂਬਰ,ਦੇਸ਼ ਕਲਿਕ ਬਿਊਰੋ:
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਸੰਮੇਲਨ 2022 ਦਾ ਉਦਘਾਟਨ ਕਰਨਗੇ। ਇਸ ਦੌਰਾਨ ਉਹ ਪ੍ਰਧਾਨ ਮੰਤਰੀ-ਕਿਸਾਨ ਯੋਜਨਾ ਤਹਿਤ 12 ਕਰੋੜ ਤੋਂ ਵੱਧ ਕਿਸਾਨਾਂ ਦੇ ਖਾਤਿਆਂ ਵਿੱਚ 16 ਹਜ਼ਾਰ ਕਰੋੜ ਰੁਪਏ ਦੀ 12ਵੀਂ ਕਿਸ਼ਤ ਜਾਰੀ ਕਰਨਗੇ। ਇਸ ਸਕੀਮ ਤਹਿਤ ਕਿਸਾਨਾਂ ਨੂੰ ਹਰ ਚਾਰ ਮਹੀਨੇ ਬਾਅਦ 2-2 ਹਜ਼ਾਰ ਰੁਪਏ ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਹੋਰ ਯੋਜਨਾਵਾਂ ਵੀ ਸ਼ੁਰੂ ਕਰਨਗੇ।ਇਹ ਸਮਾਗਮ ਨਵੀਂ ਦਿੱਲੀ ਵਿੱਚ ਭਾਰਤੀ ਖੇਤੀ ਖੋਜ ਸੰਸਥਾਨ (IARI) ਦੇ ਪੂਸਾ ਮੇਲਾ ਮੈਦਾਨ ਵਿੱਚ ਹੋਵੇਗਾ। ਦੋ ਦਿਨਾਂ ਸੰਮੇਲਨ ਵਿੱਚ, ਪ੍ਰਧਾਨ ਮੰਤਰੀ ਕੇਂਦਰੀ ਰਸਾਇਣ ਅਤੇ ਖਾਦ ਮੰਤਰਾਲੇ ਦੇ ਅਧੀਨ ਐਗਰੀ ਸਟਾਰਟਅਪ ਕਨਕਲੇਵ ਅਤੇ ਪ੍ਰਦਰਸ਼ਨੀ ਅਤੇ 600 ਪ੍ਰਧਾਨ ਮੰਤਰੀ-ਕਿਸਾਨ ਸਮਰਿਧੀ ਕੇਂਦਰਾਂ (ਪੀਐਮ-ਕੇਐਸਕੇ) ਦਾ ਉਦਘਾਟਨ ਕਰਨਗੇ।ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਦੇਸ਼ ਭਰ ਦੇ 13,500 ਤੋਂ ਵੱਧ ਕਿਸਾਨ ਅਤੇ 1500 ਖੇਤੀ ਸਟਾਰਟਅੱਪ ਹਿੱਸਾ ਲੈਣਗੇ। ਵਰਚੁਅਲ ਪ੍ਰੋਗਰਾਮ ਵਿੱਚ 1 ਕਰੋੜ ਤੋਂ ਵੱਧ ਕਿਸਾਨ ਸ਼ਾਮਲ ਹੋਣਗੇ।