ਨਵੀਂ ਦਿੱਲੀ, 14 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਉਤਰ ਪ੍ਰਦੇਸ਼ ਵਿੱਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਰਾਤ ਨੂੰ ਡਿਊਟੀ ਸਮੇਂ ਦੌਰਾਨ ਪੁਲਿਸ ਮੁਲਾਜ਼ਮ ਦੁਕਾਨਾਂ ਦੇ ਬਾਹਰ ਲੱਗੇ ਬਲਬ ਚੋਰੀ ਕਰ ਲੈਂਦਾ ਹੈ। ਜ਼ਿਲ੍ਹਾ ਪ੍ਰਯਾਗਰਾਜ ਦੇ ਥਾਣਾ ਫੂਲਪੁਰ ਦੇ ਇਕ ਦਰੋਗੇ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਮੁਲਾਜ਼ਮ ਨੂੰ ਮੁਅੱਤਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਫੂਲਪੁਰ ਥਾਣਾ ਵਿੱਚ ਤੈਨਾਤ ਦਰੋਗਾ ਰਾਜੇਸ਼ ਵਰਮਾ ਦੀ ਡਿਊਟੀ ਰਾਤ ਨੂੰ ਸੀ। ਉਸ ਦਿਨ ਦੁਸ਼ਹਿਰੇ ਦਾ ਮੇਲਾ ਸੀ। ਸੁੰਨਸਾਨ ਰਾਤ ਨੂੰ ਪ੍ਰਤਾਪਪੁਰ ਬੈਰੀਅਰ ਉਤੇ ਤੈਨਾਤ ਡਿਊਟੀ ਵਿੱਚ ਗਸ਼ਤ ਦੌਰਾਨ ਦਰੋਗਾ ਇਕ ਬੰਦ ਦੁਕਾਨ ਉਤੇ ਪਹੁੰਚਿਆ ਅਤੇ ਇੱਧਰ ਓਧਰ ਦੇਖਣ ਬਾਅਦ ਉਥੇ ਲੱਗੇ ਬਲਬ ਨੂੰ ਚੋਰੀ ਕਰਕੇ ਜੇਬ ਵਿੱਚ ਪਾ ਲਿਆ। ਇਹ ਘਟਨਾ ਸਾਰੀ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।
ਸਵੇਰ ਸਮੇਂ ਜਦੋਂ ਦੁਕਾਨਦਾਰ ਨੇ ਆ ਕੇ ਦੇਖਿਆ ਤਾਂ ਬਲਬ ਨਹੀਂ ਸੀ। ਸੀਸੀਟੀਵੀ ਫੁਟੇਜ ਦੇਖੀ ਗਈ। ਇਹ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਗਈ, ਜਿਸ ਨਾਲ ਪੁਲਿਸ ਦੀ ਕਿਰਕਿਰੀ ਹੋਈ। ਇਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਕਾਰਵਾਈ ਕਰਦਿਆਂ ਬਲਬ ਚੋਰੀ ਕਰਨ ਵਾਲੇ ਮੁਲਾਜ਼ਮ ਨੂੰ ਮੁਅੱਤਲ ਕਰ ਦਿੱਤਾ।