ਨਵੀਂ ਦਿੱਲੀ, 13 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਦਿੱਲੀ ਵਿੱਚ ਕੂੜੇ ਦਾ ਸਹੀ ਪ੍ਰਬੰਧ ਨਾ ਹੋਣ ਕਾਰਨ ਐਨਜੀਟੀ ਨੇ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੂੰ ਭਾਰੀ ਜ਼ੁਰਮਾਨਾ ਲਗਾਇਆ ਹੈ। ਕੂੜੇ ਵਾਲੀਆਂ ਥਾਵਾਂ ਉਤੋਂ ਪੁਰਾਣੇ ਕੂੜੇ ਦੇ ਪ੍ਰਬੰਧ ਨਾ ਹੋਣ ਕਾਰਨ ਐਨਜੀਟੀ ਵੱਲੋਂ ਦਿੱਲੀ ਸਰਕਾਰ 900 ਕਰੋੜ ਰੁਪਏ ਦਾ ਜ਼ੁਰਮਾਨਾ ਕੀਤਾ ਗਿਆ ਹੈ। ਫੈਸਲੇ ਵਿੱਚ ਜੱਜ ਆਦਰਸ਼ ਕੁਮਾਰ ਗੋਇਲ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਤਿੰਨ ਲੈਂਡਫਿਲ ਸਥਾਨ (ਕੂੜੇ ਦੇ ਪਹਾੜ) ਗਾਜ਼ੀਪੁਰ, ਭਲਸਵਾ ਅਤੇ ਓਖਲਾ ਵਿੱਚ ਕਰੀਬ 80 ਫੀਸਦੀ ਕੂੜਾ ਪੁਰਾਣਾ ਹੈ ਅਤੇ ਇਸ ਦਾ ਹੁਣ ਤੱਕ ਹੱਲ ਨਹੀਂ ਕੀਤਾ ਗਿਆ, ਅਤੇ ਇਨ੍ਹਾਂ ਤਿੰਨੇ ਥਾਵਾਂ ਉਤੇ ਪੁਰਾਣੇ ਕੂੜੇ ਦੀ ਮਾਤਰਾ 300 ਲੱਖ ਮੀਟ੍ਰਿਕ ਟਨ ਹੈ।
ਬੈਂਚ ਵਿੱਚ ਜੱਜ ਸੁਧੀਰ ਅਗਰਵਾਲ ਅਤੇ ਵਿਸ਼ੇਸ਼ ਮੈਂਬਰ ਸੇਂਥਿਲ ਵੇਲ ਅਤੇ ਅਫਰੋਜ਼ ਅਹਿਮਦ ਵੀ ਸਨ। ਬੈਂਚ ਨੇ ਕਿਹਾ ਕਿ ਇਸ ਪਰਿਦ੍ਰਿਸ਼ ਨੇ ਕੌਮੀ ਰਾਜਧਾਨੀ ਵਿੱਚ ਵਾਤਾਵਰਣ ਐਂਮਰਜੈਂਸੀ ਦੀ ਗੰਭੀਰ ਤਸਵੀਰ ਪੇਸ਼ ਕੀਤੀ ਹੈ। ਬੈਂਚ ਨੇ ਕਿਹਾ ਕਿ ਸ਼ਾਸਨ ਦੀ ਕਮੀ ਕਾਰਨ ਨਾਗਰਿਕਾਂ ਨੂੰ ਅਜਿਹੀ ਸਥਿਤੀ ਝੱਲਣ ਲਈ ਮਜ਼ਬੂਰ ਨਹੀਂ ਕੀਤਾ ਜਾ ਸਕਦਾ। ਮੀਥੇਨ ਅਤੇ ਹੋਰ ਹਾਨੀਕਾਰਕ ਗੈਸਾਂ ਦਾ ਲਗਾਤਾਰ ਉਤਪੰਨ ਹੋ ਰਿਹਾ ਹੈ ਅਤੇ ਧਰਤੀ ਹੇਠਲਾ ਪਾਣੀ ਦੂਸ਼ਿਤ ਹੋ ਰਿਹਾ ਹੈ। ਉਥੇ ਅੱਗ ਲੱਗਣ ਦੀਆਂ ਵਾਰ ਵਾਰ ਘਟਨਾਵਾਂ ਹੋਣ ਦੇ ਬਾਵਜੂਦ ਘੱਟੋ ਘੱਟ ਸੁਰੱਖਿਆ ਉਪਾਅ ਵੀ ਨਹੀਂ ਅਪਨਾਏ ਗਏ।