ਸ਼ਿਮਲਾ,10 ਅਕਤੂਬਰ,ਦੇਸ਼ ਕਲਿਕ ਬਿਊਰੋ:
ਕਾਂਗਰਸ ਦੇ ਕੌਮੀ ਪ੍ਰਧਾਨ ਦੀ ਚੋਣ ਨੂੰ ਲੈ ਕੇ ਚੱਲ ਰਹੇ ਹੰਗਾਮੇ ਅਤੇ ਸੂਬਾਈ ਟਿਕਟ ਨੂੰ ਲੈ ਕੇ ਚੱਲ ਰਹੇ ਸਿਆਸੀ ਹੰਗਾਮੇ ਦਰਮਿਆਨ ਆਲ ਇੰਡੀਆ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਸ਼ਿਮਲਾ ਪਹੁੰਚ ਗਈ ਹੈ। ਸੋਨੀਆ ਗਾਂਧੀ ਅਗਲੇ ਦੋ ਦਿਨ ਛਰਾਬੜਾ ਸਥਿਤ ਪ੍ਰਿਅੰਕਾ ਗਾਂਧੀ ਵਾਡਰਾ ਦੇ ਘਰ ਰੁਕੇਗੀ। ਪ੍ਰਿਅੰਕਾ ਗਾਂਧੀ 4 ਅਕਤੂਬਰ ਨੂੰ ਹੀ ਛਰਾਬੜਾ ਪਹੁੰਚੀ ਸੀ।ਕਾਂਗਰਸ ਦੀ ਸੂਬਾ ਪ੍ਰਧਾਨ ਪ੍ਰਤਿਭਾ ਸਿੰਘ ਨੇ ਦੱਸਿਆ ਕਿ ਇਹ ਸੋਨੀਆ ਗਾਂਧੀ ਦਾ ਨਿੱਜੀ ਦੌਰਾ ਹੈ। ਇਸ ਦੌਰਾਨ ਉਨ੍ਹਾਂ ਕੋਲ ਨੇਤਾਵਾਂ ਨੂੰ ਮਿਲਣ ਦਾ ਕੋਈ ਜਾਂ ਜਨਤਕ ਪ੍ਰੋਗਰਾਮ ਨਹੀਂ ਹੈ। ਇਸ ਦੇ ਨਾਲ ਹੀ ਪਾਰਟੀ ਦੇ ਕੁਝ ਸੂਤਰਾਂ ਦਾ ਕਹਿਣਾ ਹੈ ਕਿ ਸੋਨੀਆ ਗਾਂਧੀ ਜਿੱਥੇ 2 ਦਿਨ ਆਰਾਮ ਕਰਨਗੇ, ਉੱਥੇ ਹੀ ਉਹ ਸੂਬੇ ਦੇ ਕੁਝ ਕਾਂਗਰਸੀ ਆਗੂਆਂ ਨਾਲ ਵਨ-ਟੂ-ਵਨ ਮੀਟਿੰਗ ਵੀ ਕਰ ਸਕਦੇ ਹਨ।ਸੋਨੀਆ ਗਾਂਧੀ ਸੂਬੇ ਦੀਆਂ ਉਨ੍ਹਾਂ ਸੀਟਾਂ 'ਤੇ ਚਰਚਾ ਕਰ ਸਕਦੀ ਹੈ, ਜਿੱਥੇ ਟਿਕਟਾਂ ਦੀ ਵੰਡ ਨੂੰ ਲੈ ਕੇ ਮੁੱਦਾ ਫਸਿਆ ਹੋਇਆ ਹੈ। ਇਸ ਤੋਂ ਪਹਿਲਾਂ ਕਾਂਗਰਸ ਨੇ ਕੇਂਦਰੀ ਚੋਣ ਕਮੇਟੀ (ਸੀਈਸੀ) ਦੀ ਦਿੱਲੀ ਵਿੱਚ 10 ਅਕਤੂਬਰ ਯਾਨੀ ਅੱਜ ਹੋਣ ਵਾਲੀ ਮੀਟਿੰਗ ਲਈ ਸੋਨੀਆ ਗਾਂਧੀ ਤੋਂ ਸਮਾਂ ਮੰਗਿਆ ਸੀ ਪਰ ਸੋਨੀਆ ਗਾਂਧੀ ਦੇ ਸ਼ਿਮਲਾ ਦੌਰੇ ਕਾਰਨ ਸੀਈਸੀ ਦੀ ਮੀਟਿੰਗ ਫਿਲਹਾਲ ਲਈ ਟਾਲ ਦਿੱਤੀ ਗਈ ਸੀ।