ਗਾਂਧੀਨਗਰ,9 ਅਕਤੂਬਰ,ਦੇਸ਼ ਕਲਿਕ ਬਿਊਰੋ:
ਗੁਜਰਾਤ ਦੇ ਨਵਸਾਰੀ ਵਿਖੇ ਵੰਸਦਾ-ਚਿਖਲੀ ਤੋਂ ਕਾਂਗਰਸ ਦੇ ਵਿਧਾਇਕ ਅਤੇ ਕਬਾਇਲੀ ਨੇਤਾ ਅਨੰਤ ਪਟੇਲ 'ਤੇ ਸ਼ਨੀਵਾਰ ਰਾਤ ਨੂੰ ਕੁਝ ਹਮਲਾਵਰਾਂ ਨੇ ਹਮਲਾ ਕਰ ਦਿੱਤਾ। ਹਮਲੇ ਵਿੱਚ ਵਿਧਾਇਕ ਦੇ ਸਿਰ ਅਤੇ ਅੱਖ ਦੇ ਨੇੜੇ ਸੱਟਾਂ ਲੱਗੀਆਂ ਹਨ। ਵਿਧਾਇਕ ਦੀ ਕਾਰ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ। ਹਮਲਾਵਰਾਂ ਨੇ ਉਨ੍ਹਾਂ ਦੇ ਡਰਾਈਵਰ ਦਾ ਮੋਬਾਈਲ ਵੀ ਖੋਹ ਲਿਆ। ਹਮਲਾ ਹੋਣ ਤੋਂ ਬਾਅਦ ਉਥੇ ਕਾਂਗਰਸੀਆਂ ਨੇ ਪ੍ਰਦਰਸ਼ਨ ਕਰਦੇ ਹੋਏ ਇਕ ਦੁਕਾਨ ਨੂੰ ਅੱਗ ਲਗਾ ਦਿੱਤੀ ਅਤੇ ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਗੱਡੀ ਦੀ ਵੀ ਭੰਨਤੋੜ ਕੀਤੀ।ਇਲਾਜ ਕਰਵਾਉਣ ਤੋਂ ਬਾਅਦ ਵਿਧਾਇਕ ਅਨੰਤ ਪਟੇਲ ਨੇ ਮੌਕੇ 'ਤੇ ਧਰਨਾ ਦਿੱਤਾ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਮੈਂ ਇੱਥੇ ਮੀਟਿੰਗ ਲਈ ਆ ਰਿਹਾ ਸੀ। ਫਿਰ ਜ਼ਿਲ੍ਹਾ ਪੰਚਾਇਤ ਦੇ ਮੁਖੀ ਅਤੇ ਉਸ ਦੇ ਗੁੰਡਿਆਂ ਨੇ ਮੈਨੂੰ ਕਾਰ ਵਿੱਚੋਂ ਬਾਹਰ ਕੱਢਿਆ ਅਤੇ ਕੁੱਟਮਾਰ ਕੀਤੀ, ਮੇਰੀ ਕਾਰ ਦੀ ਵੀ ਭੰਨ-ਤੋੜ ਕੀਤੀ ਗਈ। ਅਸੀਂ ਧਰਨੇ 'ਤੇ ਬੈਠੇ ਹਾਂ। ਅਸੀਂ ਉਦੋਂ ਤੱਕ ਇੱਥੇ ਧਰਨਾ ਦੇਵਾਂਗੇ ਜਦੋਂ ਤੱਕ ਜ਼ਿਲ੍ਹਾ ਪੰਚਾਇਤ ਮੁਖੀ ਅਤੇ ਉਸ ਦੇ ਗੁੰਡੇ ਫੜੇ ਨਹੀਂ ਜਾਂਦੇ।