ਨਵੀਂ ਦਿੱਲੀ, 7 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਦੁਸ਼ਹਿਰੇ ਮੌਕੇ ਸਾੜੇ ਗਏ ਰਾਵਣ ਦੇ ਪੁਤਲੇ ਦਾ ਸਿਰ ਨਾ ਸੜਨ ਕਾਰਨ ਇਕ ਮੁਲਾਜ਼ਮ ਮੁਅੱਤਲ ਕਰ ਦਿੱਤਾ ਅਤੇ ਚਾਰ ਹੋਰ ਅਧਿਕਾਰੀਆਂ ਨੂੰ ਕਾਰਨ ਦਸੋ ਨੋਟਿਸ ਜਾਰੀ ਕੀਤੇ ਗਏ ਹਨ। ਛਤੀਸਗੜ੍ਹ ਦੇ ਧਮਤਰੀ ਜ਼ਿਲ੍ਹੇ ਵਿੱਚ ਨਗਰ ਪਾਲਿਕਾ ਨਿਗਮ ਦੇ ਕਲਰਕ ਨੂੰ ਮੁਅੱਤਲ ਕੀਤਾ ਗਿਆ।
ਦੁਸ਼ਹਿਰੇ ਦੇ ਜਸ਼ਨ ਮੌਕੇ ਰਾਵਣ ਦਾ ਪੁਤਲਾ ਤਿਆਰ ਕਰਨ ਵਿਚ ਵਰਤੀ ਗਈ ਲਾਪਰਵਾਹੀ ਕਾਰਨ ਧਮਤਰੀ ਨਗਰ ਪਾਲਿਕ ਨਿਗਮ ਦੇ ਸਹਾਇਕ ਗ੍ਰੇਡ ਤਿੰਨ ਰਾਜੇਂਦਰ ਯਾਦਵ ਨੂੰ ਮੁਅੱਤਲ ਕੀਤਾ ਗਿਆ ਹੈ। ਨਿਗਮ ਦੇ ਕਮਿਸ਼ਨਰ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ, ‘ਰਾਜੇਂਦਰ ਯਾਦਵ ਵੱਲੋਂ ਦੁਸ਼ਹਿਰੇ ਮੌਕੇ ਰਾਵਣ ਦਾ ਪੁਤਲਾ ਤਿਆਰ ਕਰਾਉਣ ਵਿੱਚ ਘੋਰ ਲਾਪਰਵਾਹੀ ਵਰਤੀ ਗਈ ਹੈ, ਜਿਸ ਨਾਲ ਨਿਗਮ ਦੀ ਛਵੀ ਖਰਾਬ ਹੋਈ ਹੈ। ਉਪਰੋਕਤ ਕਾਰਨ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤਾ ਜਾਂਦਾ ਹੈ।
ਇਸ ਦੇ ਨਾਲ ਹੀ ਵਿਜੇ ਮੇਹਰਾ, ਲੋਮਸ ਦੇਵਾਂਗਨ, ਕਮਲੇਸ਼ ਠਾਕੁਰ ਅਤੇ ਨਾਗੇਂਦਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ।