ਝਾਂਸੀ, 7 ਅਕਤੂਬਰ, ਦੇਸ਼ ਕਲਿਕ ਬਿਊਰੋ:
ਬਬੀਨਾ ਸਥਿਤ ਆਰਮੀ ਦੀ ਫੀਲਡ ਫਾਇਰਿੰਗ ਰੇਂਜ ਵਿੱਚ ਵੀਰਵਾਰ ਰਾਤ ਨੂੰ ਵੱਡਾ ਹਾਦਸਾ ਵਾਪਰ ਗਿਆ। ਰੁਟੀਨ ਅਭਿਆਸ ਦੌਰਾਨ ਫੌਜ ਦੀ ਤੋਪ ਟੀ-90 ਦਾ ਬੈਰਲ ਅਚਾਨਕ ਫਟ ਗਿਆ। ਇਸ ਘਟਨਾ 'ਚ ਦੋ ਜਵਾਨ ਸ਼ਹੀਦ ਹੋ ਗਏ, ਜਦਕਿ ਇਕ ਜ਼ਖਮੀ ਹੋ ਗਿਆ। ਘਟਨਾ ਸਮੇਂ ਟੈਂਕ ਬਬੀਨਾ ਫੀਲਡ ਫਾਇਰਿੰਗ ਰੇਂਜ ਦੇ ਪੁਆਇੰਟ ਨੰਬਰ 6ਏ 'ਤੇ ਤਾਇਨਾਤ ਸੀ। ਇਸ ਦੌਰਾਨ ਉਸ ਵਿੱਚ ਚਲਾਉਣ ਲਈ ਗੋਲਾ ਲੋਡ ਕੀਤਾ ਹੋਇਆ ਸੀ। ਗੋਲੀ ਚੱਲਦੇ ਹੀ ਬੈਰਲ ਫਟ ਗਿਆ। ਇਸ ਹਾਦਸੇ 'ਚ ਪੱਛਮੀ ਬੰਗਾਲ ਨਿਵਾਸੀ ਨਾਇਬ ਸੂਬੇਦਾਰ ਸੁਮੇਰ ਸਿੰਘ ਬਾਗਰਿਆ (41), ਸੁਕਾਂਤਾ ਮੰਡਲ ਅਤੇ ਟੈਂਕ ਚਾਲਕ ਸੰਤ ਕਬੀਰ ਨਗਰ ਨਿਵਾਸੀ ਪ੍ਰਦੀਪ ਸਿੰਘ ਯਾਦਵ ਗੰਭੀਰ ਰੂਪ 'ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਬਬੀਨਾ ਮਿਲਟਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਸੁਮੇਰ ਸਿੰਘ ਅਤੇ ਸੁਕਾਂਤਾ ਮੰਡਲ ਦੀ ਇੱਥੇ ਮੌਤ ਹੋ ਗਈ। ਜਦਕਿ ਪ੍ਰਦੀਪ ਯਾਦਵ ਦਾ ਇਲਾਜ ਚੱਲ ਰਿਹਾ ਹੈ।