ਨਵੀਂ ਦਿੱਲੀ, 6 ਅਕਤੂਬਰ, ਦੇਸ਼ ਕਲਿਕ ਬਿਊਰੋ:
ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਅੱਜ ਕਰਨਾਟਕ ਦੇ ਮਾਂਡਿਆ ਵਿੱਚ ਪਾਰਟੀ ਦੀ ਭਾਰਤ ਜੋੜੋ ਯਾਤਰਾ ਵਿੱਚ ਸ਼ਾਮਲ ਹੋਵੇਗੀ। 7 ਸਤੰਬਰ ਨੂੰ ਕੇਰਲ ਤੋਂ ਸ਼ੁਰੂ ਹੋਈ ਭਾਰਤ ਜੋੜੋ ਯਾਤਰਾ ਕਰਨਾਟਕ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਸੋਨੀਆ ਗਾਂਧੀ ਨੇ ਦੁਸ਼ਹਿਰੇ 'ਤੇ ਐਚਡੀ ਕੋਤੇ ਵਿਧਾਨ ਸਭਾ ਹਲਕੇ ਦੇ ਮੰਦਰ 'ਚ ਪੂਜਾ ਕੀਤੀ। ਕਾਂਗਰਸ ਪ੍ਰਧਾਨ ਸੋਮਵਾਰ (3 ਅਕਤੂਬਰ) ਨੂੰ ਹੀ ਕਰਨਾਟਕ 'ਚ ਪਾਰਟੀ ਦੀ 'ਭਾਰਤ ਜੋੜੋ ਯਾਤਰਾ' 'ਚ ਸ਼ਾਮਲ ਹੋਣ ਲਈ ਮੈਸੂਰ ਪਹੁੰਚ ਗਈ ਸੀ। ਉਹ ਇੱਕ ਨਿੱਜੀ ਰਿਜ਼ੋਰਟ ਵਿੱਚ ਰੁਕੀ ਹੋਈ ਹੈ।ਜ਼ਿਕਰਯੋਗ ਹੈ ਕਿ ਅਯੁੱਧ ਪੂਜਾ ਅਤੇ ਦੁਸ਼ਹਿਰੇ ਦੇ ਕਾਰਨ 4 ਅਤੇ 5 ਅਕਤੂਬਰ ਨੂੰ ਯਾਤਰਾ ਦੋ ਦਿਨ ਲਈ ਰੋਕੀ ਗਈ ਸੀ।ਏ.ਆਈ.ਸੀ.ਸੀ. ਦੇ ਜਨਰਲ ਸਕੱਤਰ ਇੰਚਾਰਜ ਰਣਦੀਪ ਸਿੰਘ ਸੁਰਜੇਵਾਲਾ ਨੇ ਤਸਵੀਰਾਂ ਦੇ ਨਾਲ ਟਵੀਟ 'ਚ ਕਿਹਾ ਕਿ ਸੋਨੀਆ ਗਾਂਧੀ ਨੇ ਦੁਸ਼ਹਿਰੇ 'ਤੇ ਬੇਗੂਰ ਪਿੰਡ ਦੇ ਭੀਮਨਾਕੋਲੀ ਮੰਦਰ 'ਚ ਪੂਜਾ ਕੀਤੀ। ਉਹ ਅੱਜ ਵੀਰਵਾਰ ਸਵੇਰੇ ਯਾਤਰਾ 'ਚ ਸ਼ਾਮਲ ਹੋਣਗੇ।ਜ਼ਿਕਰਯੋਗ ਹੈ ਕਿ ਕਾਂਗਰਸ ਪ੍ਰਧਾਨ ਦੀ ਸਿਹਤ ਪਿਛਲੇ ਕੁਝ ਦਿਨਾਂ ਤੋਂ ਠੀਕ ਨਹੀਂ ਹੈ, ਇਸ ਲਈ ਉਹ ਕੁਝ ਸਮੇਂ ਲਈ ਯਾਤਰਾ 'ਚ ਸ਼ਾਮਲ ਹੋ ਕੇ ਪਦ ਯਾਤਰਾ ਕਰਨਗੇ। ਲੰਬੇ ਸਮੇਂ ਬਾਅਦ ਸੋਨੀਆ ਗਾਂਧੀ ਪਾਰਟੀ ਦੇ ਕਿਸੇ ਜਨਤਕ ਪ੍ਰੋਗਰਾਮ 'ਚ ਸ਼ਿਰਕਤ ਕਰੇਗੀ।