ਲਖਨਊ,5 ਅਕਤੂਬਰ,ਦੇਸ਼ ਕਲਿਕ ਬਿਊਰੋ:
ਉੱਤਰ ਪ੍ਰਦੇਸ਼ ਦੇ ਆਗਰਾ ਜ਼ਿਲ੍ਹੇ ਦੇ ਸ਼ਾਹਗੰਜ ਦੇ ਖੇਰੀਆ ਮੋੜ 'ਤੇ ਸਥਿਤ ਆਰ ਮਧੁਰਾਜ ਹਸਪਤਾਲ 'ਚ ਅੱਜ ਬੁੱਧਵਾਰ ਤੜਕੇ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਹਸਪਤਾਲ ਵਿੱਚ ਡਾਕਟਰ ਤੇ ਉਸਦੀ ਧੀ ਤੇ ਪੁੱਤਰ ਦੀ ਮੌਤ ਹੋ ਗਈ।ਅੱਗ ਲੱਗਣ ਕਾਰਨ ਹਸਪਤਾਲ ‘ਚ ਦਾਖ਼ਲ ਮਰੀਜ਼ਾਂ ਅਤੇ ਸਟਾਫ਼ ਵਿੱਚ ਅਫਰਾ ਤਫਰੀ ਮਚ ਗਈ। ਸੂਚਨਾ 'ਤੇ ਫਾਇਰ ਬ੍ਰਿਗੇਡ ਅਤੇ ਸ਼ਾਹਗੰਜ ਥਾਣਾ ਪੁਲਸ ਮੌਕੇ 'ਤੇ ਪਹੁੰਚ ਗਈ।ਇਕ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਕਿਸੇ ਤਰ੍ਹਾਂ ਚਾਰ ਲੋਕਾਂ ਨੂੰ ਬਾਹਰ ਕੱਢਿਆ ਗਿਆ ਪਰ ਹਸਪਤਾਲ ਦਾ ਸੰਚਾਲਕ ਡਾਕਟਰ ਪਰਿਵਾਰ ਸਮੇਤ ਦੂਜੀ ਮੰਜ਼ਿਲ 'ਤੇ ਫਸ ਗਿਆ।ਅੱਗ ਲੱਗਣ ਕਾਰਨ ਹਸਪਤਾਲ ਦੇ ਸੰਚਾਲਕ ਡਾਕਟਰ ਰਾਜਨ ਸਿੰਘ, ਉਸ ਦੇ ਪੁੱਤਰ ਰਿਸ਼ੀ ਅਤੇ ਬੇਟੀ ਸ਼ਾਲੂ ਦੀ ਮੌਤ ਹੋ ਗਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਫਿਲਹਾਲ ਮਰੀਜ਼ਾਂ ਨੂੰ ਬਾਹਰ ਕੱਢ ਕੇ ਦੂਜੇ ਹਸਪਤਾਲ 'ਚ ਭੇਜ ਦਿੱਤਾ ਗਿਆ ਹੈ। ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਹਸਪਤਾਲ ਦਾ ਸਟਾਫ਼ ਗਾਇਬ ਹੋ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਖੁਲਾਸਾ ਨਹੀਂ ਹੋਇਆ ਹੈ।