ਕਾਨਪੁਰ (ਉੱਤਰ ਪ੍ਰਦੇਸ਼), 2 ਅਕਤੂਬਰ, ਦੇਸ਼ ਕਲਿਕ ਬਿਊਰੋ:
ਕਾਨਪੁਰ ਦੇ ਘਾਟਮਪੁਰ ਵਿੱਚ ਸ਼ਨੀਵਾਰ ਰਾਤ ਨੂੰ 50 ਸ਼ਰਧਾਲੂਆਂ ਨਾਲ ਭਰੀ ਇੱਕ ਟਰੈਕਟਰ-ਟਰਾਲੀ ਛੱਪੜ ਵਿੱਚ ਡਿੱਗ ਗਈ। ਇਸ ਹਾਦਸੇ 'ਚ 26 ਲੋਕਾਂ ਦੀ ਮੌਤ ਹੋ ਗਈ। 10 ਤੋਂ ਵੱਧ ਜ਼ਖਮੀ ਹਨ। ਹਾਦਸੇ ਤੋਂ ਬਾਅਦ ਪਿੰਡ ਵਾਸੀਆਂ ਨੇ ਇਕ-ਇਕ ਕਰਕੇ 24 ਲੋਕਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ। ਦੋ ਬੱਚਿਆਂ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ।ਦੱਸਿਆ ਜਾ ਰਿਹਾ ਹੈ ਕਿ ਸਾਰੇ ਸ਼ਰਧਾਲੂ ਉਨਾਵ ਦੇ ਚੰਦਰਿਕਾ ਦੇਵੀ ਮੰਦਰ ਦੇ ਦਰਸ਼ਨ ਕਰਕੇ ਵਾਪਸ ਪਰਤ ਰਹੇ ਸਨ। ਸਾਰੇ ਲੋਕ ਘਾਟਮਪੁਰ ਦੇ ਪਿੰਡ ਕੋਰਥਾ ਦੇ ਰਹਿਣ ਵਾਲੇ ਹਨ। ਮਰਨ ਵਾਲਿਆਂ ਵਿੱਚ 14 ਬੱਚੇ ਅਤੇ 13 ਔਰਤਾਂ ਸ਼ਾਮਲ ਹਨ। ਹਾਦਸੇ ਵਿੱਚ ਕਿਸੇ ਦੇ ਘਰ ਦਾ ਚਿਰਾਗ ਬੁਝ ਗਿਆ ਤਾਂ ਕਿਸੇ ਦਾ ਪੂਰਾ ਪਰਿਵਾਰ ਬਰਬਾਦ ਹੋ ਗਿਆ।ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸਾਰੇ ਲੋਕ ਟਰਾਲੀ 'ਤੇ ਸਵਾਰ ਹੋ ਕੇ ਵਾਪਸ ਆ ਰਹੇ ਸਨ। ਟਰਾਲੀ ਪਾਣੀ ਨਾਲ ਭਰੇ ਟੋਏ ਵਿੱਚ ਜਾ ਡਿੱਗੀ। ਇਸ ਘਟਨਾ ਨਾਲ ਹਾਹਾਕਾਰ ਮੱਚ ਗਈ। ਅੱਧੇ ਘੰਟੇ ਤੱਕ ਟਰਾਲੀ ਨੂੰ ਬਾਹਰ ਨਹੀਂ ਕੱਢਿਆ ਜਾ ਸਕਿਆ। ਇਸ ਕਾਰਨ ਜ਼ਿਆਦਾਤਰ ਲੋਕ ਪਾਣੀ 'ਚ ਡੁੱਬ ਕੇ ਮਰ ਗਏ ਹਨ। ਕਾਨਪੁਰ ਦੇ ਡੀਐਮ ਵਿਸ਼ਾਕ ਅਈਅਰ ਨੇ ਦੱਸਿਆ ਕਿ ਸਾਰੀਆਂ 26 ਲਾਸ਼ਾਂ ਦਾ ਪੋਸਟਮਾਰਟਮ ਕੀਤਾ ਗਿਆ ਹੈ। ਲਾਸ਼ਾਂ ਉਨ੍ਹਾਂ ਦੇ ਪਿੰਡ ਭੇਜ ਦਿੱਤੀਆਂ ਗਈਆਂ ਹਨ।